ਲੁਧਿਆਣਾ ਲੈਂਡ ਘੋਟਾਲੇ ਤੋਂ ਧਿਆਨ ਹਟਾਉਣ ਲਈ ਡਰਾਮਾ ਕਰ ਰਹੇ ਹਨ ਆਸ਼ੂ-ਮਣੂੰਕੇ
ਬਠਿੰਡਾ-ਮਾਨਸਾ ਰੋਡ ‘ਤੇ ਲੱਗ ਰਹੇ ਟੋਲ ਪਲਾਜ਼ਾ ਦੇ ਵਿਰੋਧ ਵਿਚ ਵੀ ਕੈਪਟਨ ਖ਼ਿਲਾਫ਼ ਧਰਨਾ ਲਗਾਉਣ ਕਾਂਗਰਸੀ-ਰੁਪਿੰਦਰ ਰੂਬੀ
ਚੰਡੀਗੜ੍ਹ, 9 ਮਾਰਚ- ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ‘ਤੇ ਕੀਤੇ ਗਏ ਡਰਾਮੇ ਬਾਰੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੇ ਸਟੰਟ ਕਰਨ ਦੀ ਥਾਂ ਆਸ਼ੂ ਅਤੇ ਬਿੱਟੂ ਲੋਕਾਂ ਨੂੰ ਟੋਲ ਪਲਾਜ਼ਾ ਦੀ ਲੁੱਟ ਤੋਂ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਲਗਾਉਣ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਵੋਟਰਾਂ ਨੂੰ ਬੇਵਕੂਫ਼ ਬਣਾਉਣ ਦੇ ਮਨਸੂਬੇ ਨਾਲ ਕਾਂਗਰਸੀ ਆਗੂ ਡਰਾਮਿਆਂ ‘ਤੇ ਉਤਰ ਆਏ ਹਨ।
ਚੀਮਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸੀ ਮੰਤਰੀ ਅਤੇ ਸੰਸਦ ਮੈਂਬਰ ਵੱਲੋਂ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਹੰਗਾਮਾ ਕਰਕੇ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਵਿਚ ਕਿਸੇ ਦੀ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਟੋਲ ਪਲਾਜ਼ਾ ਦੀ ਲੁੱਟ ਤਾਂ ਲੰਬੇ ਸਮੇਂ ਤੋਂ ਜਾਰੀ ਹੈ ਫਿਰ ਕਾਂਗਰਸੀ ਆਗੂਆਂ ਨੂੰ ਚੋਣਾਂ ਤੋਂ ਪਹਿਲਾਂ ਹੀ ਕਿਉਂ ਇਸ ਦੀ ਯਾਦ ਆਈ।
ਇਸ ਸੰਬੰਧੀ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਹੋ ਚੁੱਕੀ ਹੈ। ਕੈਪਟਨ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਲੈਂਡ ਸਕੈਮ ਵਿਚ ਫਸੇ ਕੈਬਿਨੇਟ ਮੰਤਰੀ ਆਸ਼ੂ ਹੁਣ ਮਾਮਲੇ ਤੋਂ ਧਿਆਨ ਭਟਕਾਉਣ ਲਈ ਟੋਲ ਪਲਾਜ਼ਾ ‘ਤੇ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਵਿਧਾਨ ਸਭਾ ਵਿਚ ਲੁਧਿਆਣਾ ਲੈਂਡ ਸਕੈਮ ਦੀ ਜਾਂਚ ਕਰਵਾਉਣ ਦਾ ਵਾਅਦਾ ਕਰਕੇ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਨੇ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਹੁਣ ਚੋਣਾਂ ਤੋਂ ਪਹਿਲਾਂ ਸਸਤੀ ਸ਼ੋਹਰਤ ਹਾਸਿਲ ਕਰਕੇ ਵੋਟਰਾਂ ਨੂੰ ਭਰਮਾਉਣਾ ਚਾਹੁੰਦੇ ਹਨ। ਮਾਣੂੰਕੇ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਵੱਲੋਂ ਕੀਤੀਆਂ ਵਾਅਦਾ ਖਿਲਾਫੀਆਂ ਦਾ ਬਦਲਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਲੈਣਗੇ
ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੂਬੇ ਵਿਚ ਹਰ ਪ੍ਰਕਾਰ ਦਾ ਮਾਫ਼ੀਆ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ-ਕੈਪਟਨ ਦੀ ਆਪਸੀ ਸਾਂਝ ਕਾਰਨ ਬਾਦਲਾਂ ਵੱਲੋਂ ਸ਼ੁਰੂ ਕੀਤਾ ਟਰਾਂਸਪੋਰਟ ਮਾਫ਼ੀਆ, ਰੇਤ ਮਾਫ਼ੀਆ, ਨਸ਼ਾ ਮਾਫ਼ੀਆ ਆਦਿ ਹੁਣ ਕਾਂਗਰਸੀਆਂ ਦੀ ਭਾਈਵਾਲੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ।
ਮੰਤਰੀ ਆਸ਼ੂ ਅਤੇ ਸੰਸਦ ਮੈਂਬਰ ਬਿੱਟੂ ਬਾਰੇ ਬੋਲਦਿਆਂ ਰੂਬੀ ਨੇ ਕਿਹਾ ਕਿ ਉਹ ਦੋਵਾਂ ਨੇਤਾਵਾਂ ਨੂੰ ਬਠਿੰਡਾ-ਮਾਨਸਾ ਰੋਡ ‘ਤੇ ਸਰਕਾਰ ਵੱਲੋਂ ਲਗਾਏ ਜਾ ਰਹੇ ਟੋਲ ‘ਤੇ ਧਰਨਾ ਦੇਣ ਲਈ ਵੀ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਆਗੂ ਇਸ ਸੰਬੰਧੀ ਕੈਪਟਨ ਦੇ ਘਰ ਬਾਹਰ ਧਰਨਾ ਦੇਣ ਲਈ ਤਿਆਰ ਹਨ ਤਾਂ ਉਹ ਉਨ੍ਹਾਂ ਦੇ ਨਾਲ ਧਰਨਾ ਦੇਣ ਲਈ ਬੈਠਣਗੇ। ਰੂਬੀ ਨੇ ਕਿਹਾ ਕਿ ਆਗੂਆਂ ਨੂੰ ਆਪਣੀਆਂ ਰਾਜਨੀਤੀ ਚਮਕਾਉਣ ਦੀ ਥਾਂ ਲੋਕਾਂ ਦੇ ਮੁੱਦਿਆਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।