ਵਲਟੋਹਾ ਨੂੰ ਬਚਾਉਣ ਵਾਲੇ ਅਧਿਕਾਰੀਆਂ ਅਤੇ ਨੇਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ-ਹੇਅਰ, ਸਿੱਧੂ
ਚੰਡੀਗੜ, 13 ਜਨਵਰੀ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੱਟੀ ਵਿਚ 1983 ਵਿਚ ਹੋਏ ਡਾ. ਤ੍ਰੇਹਨ ਕਤਲ ਮਾਮਲੇ ਵਿਚ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਤੁਰੰਤ ਗਿ੍ਰਫ਼ਤਾਰੀ ਦੀ ਮੰਗ ਕੀਤੀ ਹੈ।
ਐਤਵਾਰ ਨੂੰ ਪਾਰਟੀ ਦੇ ਚੰਡੀਗੜ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਵਿਧਾਇਕ ਮੀਤ ਹੇਅਰ ਅਤੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਿਨਾ ਦੇਰੀ ਕੀਤੇ ਵਲਟੋਹਾ ਨੂੰ ਗਿ੍ਰਫ਼ਤਾਰ ਕਰਕੇ ਉਸਦੀ ਸੰਪਤੀ ਜਬਤ ਕੀਤੀ ਜਾਣੀ ਚਾਹੀਦੀ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਕਤਲ ਕੇਸ ਵਿਚ ਗਿ੍ਰਫ਼ਤਾਰ ਕੀਤੇ ਗਏ ਦੂਸਰੇ ਦੋਸ਼ੀਆਂ ਦੇ ਬਿਆਨਾਂ ਦੇ ਆਧਾਰ ‘ਤੇ ਵਲਟੋਹਾ ਨੂੰ ਵੀ ਇਸ ਕਤਲ ਕੇਸ ਵਿਚ ਨਾਮਜਦ ਕੀਤਾ ਗਿਆ ਸੀ, ਪਰੰਤੂ ਵਲਟੋਹਾ ਪੁਲਿਸ ਦੀ ਮਿਲੀਭੁਗਤ ਨਾਲ ਬਚਦਾ ਰਿਹਾ, ਪੁਲਿਸ ਵੀ ਅਦਾਲਤ ਨੂੰ ਗੁੰਮਰਾਹ ਕਰਦੀ ਰਹੀ ਪਰੰਤੂ ਵਲਟੋਹਾ ਨੂੰ ਅਦਾਲਤ ਅੱਗੇ ਪੇਸ਼ ਨਹੀਂ ਕੀਤਾ ਗਿਆ। ਮੀਤ ਹੇਅਰ ਨੇ ਕਿਹਾ ਕਿ ਕਤਲ ਕੇਸ ਵਿਚ ਨਾਮਜ਼ਦ ਵਿਅਕਤੀਆਂ ਦਾ ਖੁੱਲੇਆਮ ਘੁੰਮਣਾ ਅਤੇ ਵਿਧਾਇਕ ਬਣਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਨਾਲਾਇਕੀ ਸਾਬਤ ਕਰਦੀ ਹੈ।
ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਵੱਲੋਂ ਵਲਟੋਹਾ ਨੂੰ ਪ੍ਰੋਕਲੇਮਡ ਓਫੈਡਰ (ਪੀ.ਓ) ਘੋਸ਼ਿਤ ਕੀਤੇ ਜਾਣ ਤੋਂ ਬਾਅਦ ਵੀ ਉਸ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਅਤਿ ਨਿੰਦਣਯੋਗ ਹੈ। ਉਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਆਪਣੇ ਵਿਧਾਇਕ ਦੇ ਪਰਚੇ ਭਰਨ ਸਮੇਂ ਹਲਫ਼ੀਆ ਬਿਆਨ ਵਿਚ ਝੂਠ ਬੋਲਣ ਲਈ ਉਸ ਉੱਤੇ ਕੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
‘ਆਪ’ ਨੇਤਾਵਾਂ ਨੇ ਕਿਹਾ ਕਿ ਇਸ ਕੇਸ ਨੂੰ ਦੋਬਾਰਾ ਖੋਲ ਕੇ ਜਾਂਚ ਹੋਣੀ ਚਾਹੀਦੀ ਹੈ ਅਤੇ ਵਲਟੋਹਾ ਨੂੰ ਬਚਾਉਣ ਵਾਲੇ ਪੁਲਿਸ ਅਧਿਕਾਰੀਆਂ ਉੱਤੇ ਵੀ ਕੇਸ ਦਰਜ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਖ਼ੁਦ ਨੂੰ ਅੱਤਵਾਦੀ ਕਹਿਣ ਵਾਲੇ ਵਲਟੋਹਾ ਖ਼ਿਲਾਫ਼ ਕਾਰਵਾਈ ਨਾ ਕਰਨਾ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਜ਼ਾਹਿਰ ਕਰਦਾ ਹੈ। ਸਿੱਧੂ ਨੇ ਮੰਗ ਕੀਤੀ ਕਿ ਬਿਨਾ ਦੇਰੀ ਕੀਤੇ ਵਲਟੋਹਾ ਦਾ ਪਾਸਪੋਰਟ ਜਬਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ।