ਫ਼ਰਜੀ ਪ੍ਰਸ਼ੰਸਾ ਪੱਤਰ : ਵਿਜੀਲੈਂਸ ਵੱਲੋਂ ਹਰਸ਼ ਕੁਮਾਰ ਵਣਪਾਲ ਤੇ ਅਜੇ ਪਲਟਾ ਖਿਲਾਫ਼ ਜਾਅਲਸਾਜ਼ੀ ਦਾ ਪਰਚਾ ਦਰਜ਼

56

ਚੰਡੀਗੜ• 12 ਜਨਵਰੀ : ਆਪਣੀ ਸਲਾਨਾ ਗੁਪਤ ਰਿਪੋਰਟ ਨੂੰ ਠੀਕ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਨੂੰ ਫ਼ਰਜੀ ਪ੍ਰਸ਼ੰਸਾ ਪੱਤਰ ਸੌਂਪਣ ਦੇ ਦੋਸ਼ ਹੇਠ ਪੰਜਾਬ ਵਿਜੀਲੈਂਸ ਬਿਊਰੋ ਨੇ ਡੂੰਘੀ ਪੜਤਾਲ ਦੇ ਅਧਾਰ ‘ਤੇ ਵਣਪਾਲ, ਖੋਜ ਸਰਕਲ, ਹੁਸ਼ਿਆਰਪੁਰ ਹਰਸ਼ ਕੁਮਾਰ, ਆਈ.ਐਫ.ਐਸ. ਅਤੇ ਪਲਟਾ ਇੰਜੀਨੀਅਰਿੰਗ ਵਰਕਸ ਪ੍ਰਾਈਵੇਟ ਲਿਮਟਿਡ, ਫੋਕਲ ਪੁਆਇੰਟ, ਜਲੰਧਰ ਦੇ ਡਾਇਰੈਕਟਰ ਅਜੇ ਪਲਟਾ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਧਾਰਾ 420, 465, 467, 468, 471, 474, 120-ਬੀ ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਲਦੀਪ ਕੁਮਾਰ ਲੋਮਿਸ ਪ੍ਰਧਾਨ ਮੁੱਖ ਵਣਪਾਲ ਨੇ ਹਰਸ਼ ਕੁਮਾਰ ਦੀ ਸਾਲ 2014-15 ਦੀ ਸਲਾਨਾ ਗੁਪਤ ਰਿਪੋਰਟ ਲਿਖਦੇ ਸਮੇਂ ਉਸ ਬਾਰੇ ਕੁਝ ਪ੍ਰਤੀਕੂਲ ਕਥਨ ਦਰਜ ਕੀਤੇ ਸਨ ਅਤੇ ਇਸ ਵਿਸ਼ੇ ਸਬੰਧੀ ਹਰਸ਼ ਕੁਮਾਰ ਨੇ ਇੱਕ ਪ੍ਰਤੀਬੇਨਤੀ ਪੱਤਰ ਵਣ ਮੰਤਰੀ ਪੰਜਾਬ ਨੂੰ ਪੇਸ਼ ਹੋ ਕੇ ਦਿੱਤਾ ਸੀ ਜਿਸ ਨਾਲ ਉਸ ਨੇ ਪ੍ਰਸੰਸਾ ਪੱਤਰ ਮਿਤੀ 04.05.2015 (ਜੋ ਵਧੀਕ ਪ੍ਰਮੁੱਖ ਚੀਫ ਕੰਜਰਵੇਟਰ, ਜੰਗਲਾਤ (ਵਿਕਾਸ), ਐਸ.ਏ.ਐਸ. ਨਗਰ, ਪੰਜਾਬ ਨੂੰ ਭੇਜੀ ਜਾਣੀ ਵਿਖਾਈ ਗਈ) ਦੀ ਫੋਟੋ ਕਾਪੀ ਵੀ ਪ੍ਰਤੀਬੇਨਤੀ ਨਾਲ ਨੱਥੀ ਕੀਤੀ ਸੀ।

ਉਪੰਰਤ ਇਸ ਪ੍ਰਸੰਸਾ ਪੱਤਰ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਪ੍ਰਸੰਸਾ ਪੱਤਰ ਨੰਬਰ 100/ਸੀ/2008/1389 ਮਿਤੀ 04.05.2015 ਡਾ. ਅਸ਼ੋਕ ਕੁਮਾਰ ਸਾਇੰਟਿਸਟ-ਐਫ, ਜੈਨੇਟਿਕ ਤੇ ਰੁੱਖ ਉਤਪਤੀ, ਜੰਗਲਾਤ ਖੋਜ ਸੰਸਥਾ ਦੇਹਰਾਦੂਨ (ਉਤਰਾਖੰਡ) ਵੱਲੋਂ ਜਾਰੀ ਹੀ ਨਹੀਂ ਕੀਤਾ ਗਿਆ। ਅਸਲ ਵਿੱਚ ਇਹ ਪ੍ਰਸੰਸਾ ਪੱਤਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਪੰਜਾਬ ਦੇ ਪ੍ਰਮੁੱਖ ਸਕੱਤਰ ਦਫਤਰ ਵਿੱਚ ਮਿਤੀ 11.05.2015 ਨੂੰ ਪ੍ਰਾਪਤ ਹੋਇਆ। ਜਿਸ ਪਿੱਛੋਂ ਕੁਲਦੀਪ ਕੁਮਾਰ ਲੋਮਿਸ ਵੱਲੋਂ ਇਸ ਪੱਤਰ ਦੀ ਤਸਦੀਕ ਕਰਵਾਉਣ ‘ਤੇ ਦੇਹਰਾਦੂਨ ਸਥਿਤ ਜੰਗਲਾਤ ਖੋਜ ਸੰਸਥਾ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਸੰਸਾ ਪੱਤਰ ਉਸ ਵੱਲੋਂ ਜਾਰੀ ਹੀ ਨਹੀਂ ਹੋਇਆ ਅਤੇ ਨਾ ਹੀ ਡਿਸਪੈਚ ਕੀਤਾ ਗਿਆ ਜਦੋਂ ਕਿ ਮੁਲਜ਼ਮ ਹਰਸ਼ ਕੁਮਾਰ ਵਣਪਾਲ, ਵਿਜੇ ਕੁਮਾਰ ਵਣ ਰੇਂਜ ਅਫਸਰ, ਖੋਜ ਸਰਕਲ, ਹੁਸ਼ਿਆਰਪੁਰ ਅਤੇ ਪ੍ਰਾਈਵੇਟ ਵਿਅਕਤੀ ਅਜੇ ਪਲਟਾ ਨੇ ਵਿਜੀਲੈਂਸ ਇੰਨਕੁਆਰੀ ਦੌਰਾਨ ਆਪਣੇ ਹਲਫੀਆ ਬਿਆਨ ਵਿੱਚ ਇਹ ਦੱਸਿਆ ਕਿ ਮਿਤੀ 04.05.2015 ਨੂੰ ਇਹ ਪੱਤਰ ਡਾ. ਅਸ਼ੋਕ ਕੁਮਾਰ, ਸਾਇੰਟਿਸਟ ਨੇ ਦੇਹਰਾਦੂਨ ਸੰਸਥਾ ਵਿਖੇ ਖੁਦ ਟਾਈਪ ਕਰਕੇ ਹਰਸ਼ ਕੁਮਾਰ ਅਤੇ ਅਜੇ ਪਲਟਾ ਦੀ ਹਾਜਰੀ ਵਿੱਚ ਵਿਜੇ ਕੁਮਾਰ ਨੂੰ ਦਿੱਤਾ ਸੀ।

ਬੁਲਾਰੇ ਨੇ ਦੱਸਿਆਕਿ ਪੜਤਾਲ ਤੋਂ ਪਾਇਆ ਗਿਆ ਕਿ ਮਿਤੀ 04.05.2015 ਨੂੰ ਬੁੱਧ ਪੂਰਨਿਮਾ ਦੀ ਛੁੱਟੀ ਹੋਣ ਕਰਕੇ ਉਕਤ ਸੰਸਥਾ ਦਾ ਦਫਤਰ ਬੰਦ ਸੀ ਅਤੇ ਛੁੱਟੀ ਵਾਲੇ ਦਿਨ ਇਸ ਇੰਸਟੀਚਿਊਟ ਦੇ ਮੁਖੀ ਪਾਸੋਂ ਪ੍ਰਵਾਨਗੀ ਲੈ ਕੇ ਹੀ ਇਹ ਦਫਤਰ ਖੋਲਿਆ ਜਾ ਸਕਦਾ ਸੀ ਪਰ ਅਜਿਹੀ ਕੋਈ ਦਿੱਤੀ ਹੋਈ ਪ੍ਰਵਾਨਗੀ ਨਹੀਂ ਮਿਲੀ। ਇਸ ਤੋਂ ਇਲਾਵਾ ਹਰਸ਼ ਕੁਮਾਰ ਅਤੇ ਉਸ ਦੇ ਸਾਥੀਆਂ ਵੱਲੋਂ ਮਿਤੀ 04.05.2015 ਨੂੰ ਗੱਡੀ ਨੰ: ਪੀ.ਬੀ.-08ਸੀ.ਐਚ-7565 ਵਿੱਚ ਸਵਾਰ ਹੋ ਕੇ ਦੇਹਰਾਦੂਨ ਸੰਸਥਾ ਵਿੱਚ ਜਾਣਾ ਬਿਆਨ ਕੀਤਾ ਗਿਆ ਪਰ ਉਸ ਦਿਨ ਇਸ ਗੱਡੀ ਦੇ ਇੰਸਟੀਚਿਊਟ ਵਿੱਚ ਦਾਖਲ ਹੋਣ ਬਾਰੇ ਗੇਟਾਂ ‘ਤੇ ਲੱਗੇ ਐਂਟਰੀ ਰਜਿਸਟਰਾਂ ਵਿੱਚ ਕੋਈ ਇੰਦਰਾਜ ਹੋਣਾ ਵੀ ਨਹੀਂ ਪਾਇਆ ਗਿਆ। ਨਾਲ ਹੀ ਜਾਂਚ ਪ੍ਰੋਗਸ਼ਾਲਾ (ਐਫ.ਐਸ.ਐਲ.) ਦੀ ਰਿਪੋਰਟ ਮੁਤਾਬਿਕ ਉਕਤ ਵਿਵਾਦਮਈ ਪ੍ਰਸੰਸਾ ਪੱਤਰ ਉਪਰ ਕੀਤੇ ਹੋਏ ਦਸਤਖਤ ਅਸ਼ੋਕ ਕੁਮਾਰ, ਸਾਇੰਟਿਸਟ ਦੇ ਨਹੀਂ ਹਨ ਅਤੇ ਇਹ ਪੱਤਰ ਅਸ਼ੋਕ ਕੁਮਾਰ, ਸਾਇੰਟਿਸਟ ਵੱਲੋਂ ਵਰਤੇ ਜਾਂਦੇ ਕੰੰਪਿਊਟਰ ਦੀ ਹਾਰਡਡਿਸਕ ਵਿੱਚੋਂ ਵੀ ਨਹੀਂ ਮਿਲਿਆ।

ਉਨਾਂ ਕਿਹਾ ਕਿ ਇਸ ਤੋਂ ਇਲਾਵਾ ਡਾ. ਅਸ਼ੋਕ ਕੁਮਾਰ ਮਿਤੀ 21.12.2016 ਨੂੰ ਸਾਇੰਟਿਸਟਾਂ ਦੀ ਈ-ਲਿਸਟ ਤੋਂ ਐਫ-ਲਿਸਟ ਵਿੱਚ ਪ੍ਰਮੋਟ ਹੋਇਆ ਹੈ ਜਦੋਂ ਕਿ ਮਿਤੀ 04.05.2015 ਨੂੰ ਜਾਰੀ ਹੋਏ ਪ੍ਰਸੰਸਾ ਪੱਤਰ ਵਿੱਚ ਉਸ ਨੂੰ ਸਾਇੰਟਿਸਟ-ਐਫ ਦਰਸਾਇਆ ਹੋਇਆ ਹੈ। ਡਾ. ਅਸ਼ੋਕ ਕੁਮਾਰ, ਦੇ ਅਸਲ ਲੈਟਰ ਹੈਡ ਵਿੱਚ ਹਰੇ ਰੰਗ ਦਾ ਲੋਗੋ ਹੈ ਪਰ ਇਸ ਪ੍ਰਸੰਸਾ ਪੱਤਰ ਵਿੱਚ ਛਪੇ ਲੋਗੋ ਦਾ ਰੰਗ ਕਾਲਾ ਹੈ। ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਦੌਰਾਨ ਹਰਸ਼ ਕੁਮਾਰ ਵੱਲੋਂ ਆਪਣੇ ਮੋਬਾਇਲ ਫੋਨ ਨੰ: 94170-13693 ਦਾ ਬਿੱਲ ਪੇਸ਼ ਕੀਤਾ ਗਿਆ ਜਿਸ ਵਿੱਚ ਉਸ ਨੇ ਡਾ. ਅਸ਼ੋਕ ਕੁਮਾਰ ਨਾਲ ਮਿਤੀ 04.05.2015 ਨੂੰ ਨੈਸ਼ਨਲ ਰੋਮਿੰਗ ਦੌਰਾਨ ਹੋਈ ਗੱਲਬਾਤ ਦੀ ਇੰਨਕਮਿੰਗ ਅਤੇ ਆਊਟਗੋਇੰਗ ਕਾਲਾਂ ਬਾਰੇ ਵੇਰਵਾ ਦਿੱਤਾ ਸੀ ਪਰ ਇਸ ਮੋਬਾਇਲ ਫੋਨ ਦੇ ਬਿੱਲ ਨੂੰ ਵਾਚਣ ‘ਤੇ ਪਾਇਆ ਗਿਆ ਕਿ ਹਰਸ਼ ਕੁਮਾਰ ਮਿਤੀ 05.05.2015 ਅਤੇ 06.05.2015 ਨੂੰ ਹਰਿਆਣਾ ਅਤੇ ਦਿੱਲੀ ਦੇ ਇਲਾਕੇ ਵਿੱਚ ਮੌਜੂਦ ਰਿਹਾ ਜਦੋਂ ਕਿ ਇਹ ਪ੍ਰਸੰਸਾ ਪੱਤਰ ਮਿਤੀ 04.05.2015 ਦੀ ਪਰਤ ਨੰ: 3, ਜੋ ਕੰਜ਼ਰਵੇਟਰ ਆਫ ਫਾਰੈਸਟ, ਰਿਸਰਚ ਐਂਡ ਟਰੇਨਿੰਗ ਸਰਕਲ, ਹੁਸਿਆਰਪੁਰ ਵਿਖੇ ਪ੍ਰਾਪਤ ਹੋਇਆ ਦੱਸਿਆ ਗਿਆ ਹੈ ਅਤੇ ਉਸ ਉਪਰ ਹਰਸ਼ ਕੁਮਾਰ ਨੇ ਮਿਤੀ 06.05.2015 ਨੂੰ ਆਪਣੇ ਕਲਮੀ ਇਹ ਨੋਟ ਦਿੱਤਾ ਕਿ ਇਹ ਪ੍ਰਸ਼ੰਸਾ ਪੱਤਰ ਵਿਜੇ ਕੁਮਾਰ, ਵਣ ਰੇਂਜ ਅਫਸਰ ਵੱਲੋਂ ਉਸ ਅੱਗੇ ਪੇਸ਼ ਕੀਤਾ ਗਿਆ।

ਬਲਾਰੇ ਅਨੁਸਾਰ ਉਧਰ ਜਤਿੰਦਰ ਸ਼ਰਮਾ, ਪ੍ਰਧਾਨ ਮੱਖ ਵਣਪਾਲ, ਪੰਜਾਬ ਨੇ ਲਿਖਤੀ ਰੂਪ ਵਿੱਚ ਦੱਸਿਆ ਕਿ ਇਹ ਪੱਤਰ ਮਿਤੀ 04.05.2015 ਨਾ ਹੀ ਉਨਾਂ ਦੇ ਦਫਤਰ ਅਤੇ ਨਾ ਹੀ ਇਹ ਪੱਤਰ ਵਧੀਕ ਪ੍ਰਧਾਨ ਮੁੱਖ ਵਣਪਾਲ (ਵਿਕਾਸ) ਦੇ ਦਫਤਰ ਵਿੱਚ ਪ੍ਰਾਪਤ ਹੋਇਆ ਹੈ। ਉਕਤ ਪੜਤਾਲ ਦੇ ਅਧਾਰ ‘ਤੇ ਵਿਜੀਲੈਂਸ ਨੇ ਇਹ ਪਾਇਆ ਕਿ ਹਰਸ਼ ਕੁਮਾਰ ਵਣਪਾਲ, ਖੋਜ ਸਰਕਲ, ਹੁਸ਼ਿਆਰਪੁਰ ਵੱਲੋਂ ਆਪਣੇ ਸਾਥੀਆਂ ਵਿਜੇ ਕੁਮਾਰ, ਵਣ ਰੇਂਜ ਅਫਸਰ, ਖੋਜ ਸਰਕਲ, ਹੁਸ਼ਿਆਰਪੁਰ (ਮ੍ਰਿਤਕ) ਅਤੇ ਅਜੇ ਪਲਟਾ ਡਾਇਰੈਕਟਰ, ਪਲਟਾ ਇੰਜੀਨੀਅਰਿੰਗ ਵਰਕਸ ਪ੍ਰਾਈਵੇਟ, ਫੋਕਲ ਪੁਆਇੰਟ, ਜਲੰਧਰ ਨਾਲ ਸਾਜਬਾਜ ਹੋ ਕੇ ਬਦਨੀਤੀ ਅਤੇ ਬਦਦਿਆਨਤੀ ਨਾਲ ਆਪਣੇ ਆਪ ਨੂੰ ਲਾਭ ਪਹੁੰਚਾਉਣ ਅਤੇ ਆਪਣੇ ਵਿਰੁੱਧ ਪ੍ਰਤੀਕੂਲ ਕਥਨਾਂ ਨੂੰ ਕਵਰਅੱਪ ਕਰਨ ਲਈ ਫਰਜ਼ੀ ਤੇ ਜਾਅਲੀ ਪ੍ਰਸ਼ੰਸਾ ਪੱਤਰ ਤਿਆਰ ਕਰਕੇ ਵਰਤੋਂ ਵਿੱਚ ਲਿਆਂਦਾ ਗਿਆ ਹੈ ਜਿਸ ਕਰਕੇ ਦੋਹਾਂ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।