ਕਾਰ ਸਵਾਰ ਪਤੀ—ਪਤਨੀ ਹਰਿਆਣਾ ਦੇ ਸੰਤ ਨਗਰ ਰਾਣੀਆਂ ਦੇ ਵਸਨੀਕ
ਪੁਲੀਸ ਨੇ ਰਾਸ਼ੀ ਇਨਕਮ ਟੈਕਸ ਵਿਭਾਗ ਨੂੰ ਸੌਂਪੀ
ਮਾਨਸਾ, 8 ਜਨਵਰੀ (ਵਿਸ਼ਵ ਵਾਰਤਾ)- ਪੁਲੀਸ ਮਾਨਸਾ ਨੇ ਮੰਗਲਵਾਰ ਨੂੰ ਜ਼ਿਲੇ੍ਹ ਦੇ ਪਿੰਡ ਬਹਿਣੀਵਾਲ ਕੋਲ ਨਾਕੇ ਦੌਰਾਨ ਟੋਇਟਾ ਗੱਡੀ ਸਵਾਰ ਇਕ ਪਤੀ—ਪਤਨੀ ਤੋਂ ਦੋ ਬੈਗਾਂ ਵਿਚ ਭਰੀ 2 ਕਰੋੜ 99 ਲੱਖ 53 ਹਜ਼ਾਰ ਰੁਪਏ ਦੀ ਕਰੰਸੀ ਫੜੀ ਹੈ। ਪੁਲੀਸ ਨੇ ਇਕ ਵਾਰ ਕਰੰਸੀ ਨੂੰ ਫੜਨ ਤੋਂ ਬਾਅਦ ਉਸਨੂੰ ਸੀਲ ਕਰਨ ਤੋਂ ਬਾਅਦ ਇਸ ਦੀ ਸੁੂਚਨਾ ਇਨਕਮ ਟੈਕਸ ਵਿਭਾਗ ਬਠਿੰਡਾ ਦੇ ਡਿਪਟੀ ਡਾਇਰੈਕਟਰ ਨੂੰ ਇਸਦੀ ਸੁੂਚਨਾ ਦੇ ਦਿੱਤੀ ਹੈ। ਕਾਰ ਚਾਲਕ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਕੋਈ ਦੋਸਤ ਬਿਲਡਿੰਗ ਨਿਰਮਾਣ ਦਾ ਕੰਮ ਕਰਦਾ ਹੈ, ਇਹ ਸਾਰੇ ਪੈਸੇ ਉਸਦੇ ਹਨ। ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਮਨਧੀਰ ਸਿੰਘ ਨੇ ਦੱਸਿਆ ਕਿ ਇਹ ਰਾਸ਼ੀ ਉਸ ਵੇਲੇ ਫੜੀ ਗਈ, ਜਦੋਂ ਮਾਨਸਾ—ਤਲਵੰਡੀ ਸਾਬੋ ਰੋਡ *ਤੇ ਸਥਿਤ ਬਹਿਣੀਵਾਲ ਚੌਂਕੀ ਨੇੜੇੇ ਪੁਲੀਸ ਅਧਿਕਾਰੀ ਅਵਤਾਰ ਸਿੰਘ ਦੀ ਅਗਵਾਈ ਹੇਠ ਨਾਕਾ ਲੱਗਿਆ ਹੋਇਆ ਸੀ ਅਤੇ ਇਸ ਨਾਕੇ ਦੀ ਚੈਕਿੰਗ ਅਚਾਨਕ ਡੀ.ਐਸ.ਪੀ. ਮਾਨਸਾ ਸਿਮਰਜੀਤ ਸਿੰਘ ਲੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਇਕ ਟੋਇਟਾ ਏਟਿਓਸ ਕਾਰ ਨੰਬਰ ਐਚ.ਆਰ.44 ਜੇ 5096 ਆਈ, ਜਿਸ ਨੂੰ ਰੋਕਕੇ ਪਿਛਲੀ ਡਿੱਗੀ ਚੈਕ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਦੇਖਕੇ ਕਾਰ ਚਾਲਕ ਘਬਰਾ ਗਿਆ ਅਤੇ ਸ਼ੱਕ ਪੈਣ *ਤੇ ਪੁਲੀਸ ਅਧਿਕਾਰੀਆਂ ਨੇ ਗੱਡੀ ਦੀ ਡਿੱਗੀ ਵਿਚ ਪਏ ਦੋ ਬੈਗਾਂ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ ਵੱਡੀ ਪੱਧਰ *ਤੇ ਇਹ ਰਾਸ਼ੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਸ਼ੀ ਸਬੰਧੀ ਪਤੀ—ਪਤਨੀ ਕੋਈ ਸੰਤੁਸ਼ਟੀਜਨਕ ਜਵਾਬ ਨਾ ਦੇ ਸਕੇ ਤਾਂ ਪੁਲੀਸ ਨੇ ਤੁਰੰਤ ਡੀਐਸਪੀ ਸਿਮਰਜੀਤ ਸਿੰਘ ਸਿੰਘ ਲੰਗ ਦੀ ਅਗਵਾਈ ਹੇਠ ਮਾਨਸਾ ਦੇ ਐਸ.ਡੀ.ਐਮ. ਅਭਿਜੀਤ ਕਪਲਿਸ਼ ਨੂੰ ਬੁਲਾਕੇ ਉਨ੍ਹਾਂ ਦੀ ਹਾਜਰੀ ਵਿਚ ਨੋਟਾਂ ਨੂੰ ਗਿਣਿਆ ਗਿਆ, ਜੋ 2 ਕਰੋੜ 99 ਲੱਖ 53 ਹਜਾਰ ਰੁਪਏ ਨਿੱਕਲੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੋਟਾਂ ਦੀ ਗਿਣਤੀ ਵਿਚ ਦੋ ਹਜਾਰ ਰੁਪਏ ਦੇ 10 ਹਜਾਰ ਨੋਟ ਸਨ ਅਤੇ 500 ਦੇ 19600 ਨੋਟ ਸਨ।
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਪਤੀ—ਪਤਨੀ ਦੀ ਪਛਾਣ ਨਿਰਮਲ ਸਿੰਘ ਪੁੱਤਰ ਗੁਰਦੀਪ ਸਿੰਘ ਜੱਟ ਵਾਸੀ ਪੱਤੀ ਜੀਵਨ ਨਗਰ ਪਿੰਡ ਸੰਤ ਨਗਰ ਰਾਣੀਆਂ—ਸਿਰਸਾ (ਹਰਿਆਣਾ) ਅਤੇ ਉਸ ਦੀ ਪਤਨੀ ਸੁਖਚੈਨ ਕੌਰ ਵੱਜੋ ਹੋਈ ਹੈ।
ਉਨ੍ਹਾਂ ਦੱਸਿਆ ਕਿ ਕਾਰ ਚਾਲਕ ਵੱਲੋਂ ਇਸ ਕਰੰਸੀ ਬਾਬਤ ਪੁਲੀਸ ਨੂੰ ਇਹ ਦੱਸਿਆ ਗਿਆ ਹੈ ਕਿ ਉਸਦਾ ਕੋਈ ਦੋਸਤ ਬਿਲਡਿੰਗ ਨਿਰਮਾਣ ਦਾ ਕੰਮ ਕਰਦਾ ਹੈ, ਇਹ ਸਾਰੀ ਰਕਮ ਉਸਦੀ ਹੈ।
ਐਸਐਸਪੀ ਮਨਧੀਰ ਸਿੰਘ ਨੇ ਦੱਸਿਆ ਕਿ ਇਕ ਵਾਰ ਪੁਲੀਸ ਨੇ ਆਪਣੀ ਮੁੱਢਲੀ ਕਾਰਵਾਈ ਕਰਦਿਆਂ ਇਸ ਕਰੰਸੀ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਕੇ *ਤੇ ਮਸ਼ੀਨ ਰਾਹੀਂ ਮੈਜਿਸਟਰੇਟ ਦੀ ਹਾਜ਼ਰੀ ਵਿਚ ਸਾਰੀ ਕਰੰਸੀ ਦੀ ਗਿਣਤੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਡਿਪਟੀ ਡਾਇਰੈਕਟਰ ਇਨਕਮ ਟੈਕਸ ਵਿਭਾਗ ਬਠਿੰਡਾ ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਇਸ ਦੀ ਅਗਲੀ ਪੜਤਾਲ ਸਬੰਧਿਤ ਵਿਭਾਗ ਵੱਲੋਂ ਕੀਤੀ ਜਾਵੇਗੀ, ਜਿਸ ਦੇ ਪੁਲੀਸ ਨੂੰ ਆਦੇਸ਼ ਹੋਣਗੇ।
ਫੋਟੋ ਕੈਪਸ਼ਨ: ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਲਗਭਗ 3 ਕਰੋੜ ਰੁਪਏ ਦੀ ਫੜੀ ਰਾਸ਼ੀ ਪੱਤਰਕਾਰਾਂ ਨੂੰ ਵਿਖਾਉਂਦੇ ਹੋਏ।