ਅਰਜਨਟੀਨਾ-ਇੰਗਲੈਂਡ ਅਤੇ ਆਸਟ੍ਰੇਲੀਆ-ਫਰਾਂਸ ਭਿੜਣਗੇ
– (ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ)
ਭੂਬਨੇਸ਼ਵਰ ਵਿਚ ਕਈ ਦਿਨਾਂ ਤੋਂ ਚੱਲ ਰਹੇ ਵਿਸ਼ਵ ਕੱਪ ਹਾਕੀ ਦੇ ਮੁਕਾਬਲਿਆਂ ਦੌਰਾਨ ਕੁਆਰਟਰ ਫਾਈਨਲ ਵਿਚ ਪੁੱਜੀਆਂ ਅੱਠ ਟੀਮਾਂ ਦੇ ਅੱਜ ਤੋਂ ਮੁਕਾਬਲੇ ਆਰੰਭ ਹੋ ਜਾਣੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਮੈਚ ਦੌਰਾਨ ਰੀਓ ਉਲੰਪਿਕ ਚੈਂਪੀਅਨ ਅਰਜਨਟੀਨਾ ਦਾ ਇੰਗਲੈਂਡ ਨਾਲ ਅਤੇ ਦੂਸਰੇ ਮੁਕਾਬਲੇ ਵਿਚ ਮੌਜੂਦ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦਾ ਫਰਾਂਸ ਨਾਲ ਮੁਕਾਬਲਾ ਹੋਵੇਗਾ।
ਭਲਕੇ 13 ਦਸੰਬਰ ਨੂੰ ਤੀਸਰੇ ਕੁਆਰਟਰ ਫਾਈਨਲ ਵਿਚ ਭਾਰਤ ਦਾ ਹਾਲੈਂਡ ਨਾਲ ਅਤੇ ਅਖੀਰਲੇ ਕੁਆਰਟਰ ਫਾਈਨਲ ਵਿਚ ਜਰਮਨੀ ਅਤੇ ਬੈਲਜੀਅਮ ਵਿਚਕਾਰ ਟੱਕਰ ਹੋਵੇਗੀ। 14 ਦਸੰਬਰ ਨੂੰ ਛੁੱਟੀ ਤੋਂ ਬਾਅਦ 15 ਦਸੰਬਰ ਤੋਂ ਸੈਮੀ ਫਾਈਨਲ ਦੇ ਮੁਕਾਬਲੇ ਆਰੰਭ ਹੋਣਗੇ।
ਇਸ ਤੋਂ ਪਹਿਲਾਂ ਕੱਲ੍ਹ ਰਾਤ ਖਤਮ ਹੋਏ ਕਰਾਸ ਓਵਰ ਮੈਚਾਂ ਦੇ ਮਗਰੋਂ ਕੁਆਰਟਰ ਫਾਈਨਲ ਮੁਕਾਬਲਿਆਂ ਲਈ ਟੀਮਾਂ ਦਾ ਬਕਾਇਦਾ ਫੈਸਲਾ ਹੋ ਗਿਆ ਹੈ, ਇਸ ਵਿਚ ਪੰਜ ਯੂਰਪ ਮਹਾਂਦੀਪ ਦੀਆਂ ਟੀਮਾਂ, ਇੰਗਲੈਂਡ, ਫਰਾਂਸ, ਜਰਮਨੀ, ਬੈਲਜੀਅਮ ਅਤੇ ਹਾਲੈਂਡ ਪੁੱਜੀਆਂ ਹਨ। ਇਕ ਟੀਮ ਓਸ਼ੀਨੀਆ ਮਹਾਂਦੀਪ ਦੀ ਆਸਟ੍ਰੇਲੀਆ, ਇਕ ਦੱਖਣੀ ਮਹਾਂਦੀਪ ਦੀ ਟੀਮ ਅਰਜਨਟੀਨਾ ਅਤੇ ਏਸ਼ੀਆ ਮਹਾਂਦੀਪ ‘ਚੋਂ ਇਕੋ-ਇਕ ਟੀਮ ਭਾਰਤ ਦੀ ਸ਼ਾਮਲ ਹੈ।
ਕੱਲ੍ਹ ਖਤਮ ਹੋਏ ਕਰਾਸ ਓਵਰ ਦੇ ਮੁਕਾਬਲਿਆਂ ਦੇ ਇਕ ਮੈਚ ਦੌਰਾਨ ਚਾਰ ਵਾਰ ਦੇ ਵਿਸ਼ਵ ਚੈਂਪੀਅਨ ਰਹੇ ਪਾਕਿਸਤਾਨ ਦੀ ਟੀਮ ਨੂੰ ਉਸ ਵੇਲੇ ਸਭ ਤੋਂ ਵੱਧ ਨਮੋਸ਼ੀ ਝੱਲਣੀ ਪਈ, ਜਦੋਂ ਉਹ ਇਸ ਟੂਰਨਾਮੈਂਟ ਦੌਰਾਨ ਆਪਣਾ ਕੋਈ ਵੀ ਮੁਕਾਬਲਾ ਜਿੱਤ ਨਾ ਸਕੀ ਅਤੇ ਉਸ ਨੂੰ ਬੈਲਜੀਅਮ ਹੱਥੋਂ 5-0 ਨਾਲ ਵੱਡੀ ਹਾਰ ਖਾਣੀ ਪਈ। ਦੂਸਰੇ ਮੈਚ ਵੀ ਨੀਦਰਲੈਂਡ ਨੇ ਕੇਨੈਡਾ ਨੂੰ 5-0 ਨਾਲ ਸ਼ਿਕਸਤ ਦਿੱਤੀ ਸੀ।
ਕਲਿੰਗਾ ਸਟੇਡੀਅਮ ਵਿਚ ਖੇਡੇ ਜਾਣ ਵਾਲੇ ਅੱਜ ਦੇ ਮੈਚਾਂ ਵਿਚ ਅਰਜਨਟੀਨਾ ਦਾ ਇੰਗਲੈਂਡ ਨਾਲੋਂ ਹੱਥ ਉਪਰ ਜਾਪਦਾ ਹੈ, ਪਰ ਇੰਗਲੈਂਡ ਦੀ ਟੀਮ ਵੀ ਇਸ ਮੈਚ ਵਿਚ ਕੁਝ ਕਰਕੇ ਵਿਖਾਉਣ ਦਾ ਇਰਾਦਾ ਰੱਖਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਜਿਵੇਂ ਪੂਲ ਮੈਚਾਂ ਵਿਚ ਅਰਜਨਟੀਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਸ ਤਰ੍ਹਾਂ ਉਹ ਵੀ ਕੋਈ ਚਮਤਕਾਰ ਕਰਕੇ ਵਿਖਾਉਣਗੇ, ਪ੍ਰੰਤੂ ਅਰਜਨਟੀਨਾ ਨੂੰ ਓਲੰਪਿਕ ਚੈਂਪੀਅਨ ਹੋਣ ਦਾ ਵੱਡਾ ਗਰੂਰ ਹੈ।
ਉਧਰ ਦੂਸਰੇ ਮੈਚ ਵਿਚ ਭਾਵੇਂ ਆਸਟ੍ਰੇਲੀਆ ਦੀ ਟੀਮ ਆਪਣੀ ਵੱਡੀ ਜਿੱਤ ਲਈ ਆਸਵੰਦ ਹੈ, ਪਰ ਫਰਾਂਸ ਦੇ ਚੌਬਰ ਵੱਡਾ ਉਲਟਫੇਰ ਕਰਨ ਦੀ ਸਮਰੱਥਾ ਰੱਖਦੇ ਹਨ। ਭਾਵੇਂ ਆਸਟ੍ਰੇਲੀਆ ਕਈ ਵਾਰੀਆਂ ਤੋਂ ਲਗਾਤਾਰ ਵਿਸ਼ਵ ਕੱਪ ਵਿਚ ਧੁੰਮਾਂ ਪਾਉਂਦਾ ਆ ਰਿਹਾ ਹੈ, ਪਰ ਫਰਾਂਸ ਦੀ ਟੀਮ ਵਿਚ ਖੇਡਦੇ ਸਕੂਲੀ ਵਿਦਿਆਰਥੀ ਕੁਝ ਕਰਨ ਲਈ ਮੁੱਠੀਆਂ ‘ਤੇ ਥੁੱਕੀ ਫਿਰਦੇ ਹਨ।