ਕਿਹਾ, ਸੰਗਤ ਅੱਗੇ ਸਪੱਸਟ ਕਰਨ ਕਿ ਅਕਾਲੀ ਦਲ ਦੇ ਪ੍ਰਧਾਨ ਕਿਹੜੇ ਗੁਨਾਹਾਂ ਦੀ ਮਾਫੀ ਮੰਗਣ ਲਈ ਸ੍ਰੀ ਅਕਾਲ ਤੱਖਤ ਸਾਹਿਬ ਤੇ ਜਾ ਰਹੇ ਹਨ
ਚੰਡੀਗੜ, 7 ਦਸੰਬਰ – ਪੰਜਾਬ ਪ੍ਰਦੇਸ਼ ਕਾਂਰਗਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਵੰਗਾਰ ਪਾਈ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੁੱਲਾਂ ਬਖ਼ਸਾਉਣ ਜਾਣ ਤੋਂ ਪਹਿਲਾਂ ਸੰਗਤ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲਨ ਤਾਂ ਕਿ ਸੰਗਤਾਂ ਨੂੰ ਵੀ ਪਤਾ ਚੱਲ ਸਕੇ ਕਿ ਉਹ ਕਿਹੜੀ ਗਲਤੀ ਦੀ ਮਾਫੀ ਮੰਗਣ ਜਾ ਰਹੇ ਹਨ।
ਸ੍ਰੀ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਸੁਵਾਲਾਂ ਦੀ ਝੜੀ ਲਗਾਉਂਦਿਆਂ ਕਿਹਾ ਕਿ ਕੀ ਸੁਖਬੀਰ ਸਿੰਘ ਬਾਦਲ ਦੱਸਣਗੇ ਕਿ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਲਈ ਮਾਫੀ ਮੰਗਣ ਜਾ ਰਹੇ ਹਨ ਜਾਂ ਆਪਣੀ ਉਸ ਗਲਤੀ ਦੀ ਜਿਸ ਤਹਿਤ ਉਨਾਂ ਦੀ ਸਰਕਾਰ ਨੇ ਨਿਰਦੋਸ਼ ਸਿੱਖਾਂ ਤੇ ਬਹਿਬਲ ਕਲਾਂ ਵਿਚ ਗੋਲੀ ਚਲਾ ਕੇ ਦੋ ਨੌਜਵਾਨ ਸ਼ਹੀਦ ਕਰ ਦਿੱਤੇ ਸਨ। ਉਨਾਂ ਕਿਹਾ ਕਿ ਕੀ ਅਕਾਲੀ ਦਲ ਦੇ ਪ੍ਰਧਾਨ ਮੁਬੰਈ ਵਿਚ ਡੇਰਾ ਮੁੱਖੀ ਨਾਲ ਕੀਤੀ ਮੁਲਾਕਾਤ ਲਈ ਜਾਂ ਡੇਰਾ ਮੁੱਖੀ ਦੀ ਫਿਲਮ ਰਲੀਜ ਕਰਵਾਉਣ ਬਦਲੇ ਕੀਤੇ ਸਮਝੌਤੇ ਲਈ ਮਾਫੀ ਮੰਗਣ ਜਾਣਗੇ ਜਾਂ ਫਿਰ ਡੇਰਾ ਮੁੱਖੀ ਨੂੰ ਦਿਵਾਈ ਮਾਫੀ ਦੀ ਭੁੱਲ ਬੁਖਸਾਉਣਾ ਚਾਹੁੰਦੇ ਹਨ।
ਸ੍ਰੀ ਜਾਖੜ ਨੇ ਹੋਰ ਸਵਾਲ ਕਰਦਿਆਂ ਕਿਹਾ ਕਿ ਕੀ ਪੰਥਕ ਪਾਰਟੀ ਦੇ ਪ੍ਰਧਾਨ ਅਖਵਾਉਣ ਵਾਲੇ ਸ: ਸੁਖਬੀਰ ਸਿੰਘ ਬਾਦਲ ਪੰਥ ਦੀ ਪਿੱਠ ਵਿਚ ਛੁਰਾ ਮਾਰ ਕੇ ਡੇਰਾ ਮੁੱਖੀ ਨਾਲ ਪੁਗਾਈਆਂ ਸਾਂਝਾਂ ਲਈ ਮਾਫੀ ਮੰਗਣਗੇ ਜਾਂ ਇਸ ਗੱਲ ਦੀ ਮਾਫੀ ਮੰਗਣਗੇ ਕਿ ਉਸ ਸਖ਼ਸ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ ਜੋ ਆਪ ਡੇਰੇ ਜਾ ਕੇ ਵੋਟਾਂ ਮੰਗਣ ਦੇ ਦੋਸ਼ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਜਿਸ ਤਰਾਂ ਪੰਜਾਬ ਦੀ ਪੂਰੀ ਇਕ ਪੀੜੀ ਨਸ਼ਿਆਂ ਨਾਲ ਬਰਬਾਦ ਹੋ ਗਈ ਅਤੇ ਹਜਾਰਾਂ ਘਰਾਂ ਵਿਚ ਸੱਥਰ ਵਿੱਛ ਗਏ, ਕੀ ਇਸ ਗੁਨਾਹ ਲਈ ਵੀ ਸੁਖਬੀਰ ਸਿੰਘ ਬਾਦਲ ਮਾਫੀ ਮੰਗਣਗੇ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਕਿਸਾਨੀ ਨੂੰ ਤਬਾਹ ਕਰ ਦਿੱਤਾ ਗਿਆ। ਘਟੀਆਂ ਦਵਾਈ ਰਾਹੀਂ ਲੱਖਾਂ ਏਕੜ ਨਰਮਾ ਬਰਬਾਦ ਹੋ ਗਿਆ ਅਤੇ ਹਜਾਰਾਂ ਕਿਸਾਨ ਖੁਦਕਸ਼ੀਆਂ ਕਰ ਗਏ। ਉਨਾਂ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਲੱਖਾਂ ਕਿਸਾਨਾਂ ਦੀ ਆਰਥਿਕ ਬਰਬਾਦੀ ਲਈ ਵੀ ਮਾਫੀ ਮੰਗਣਗੇ।
ਨਾਲ ਹੀ ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਾ ਕੇਵਲ ਬੇਅਦਵੀਆਂ ਦੇ ਮਾਮਲੇ ਸੁਲਝਾਏ ਗਏ ਹਨ ਬਲਕਿ ਅਕਾਲੀ ਸਰਕਾਰ ਵੇਲੇ ਹੋਏ ਸਾਰੇ ਗਲਤ ਕੰਮਾਂ ਦੇ ਜਿੰਮੇਵਾਰ ਲੋਕਾਂ ਨੂੰ ਕਾਨੂੰਨ ਅਨੁਸਾਰ ਨਿਪਟਿਆ ਜਾਵੇਗਾ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਜਿੱਥੇ ਵੱਡੀ ਮੁਹਿੰਮ ਆਰੰਭੀ ਹੈ ਉਥੇ ਹੀ ਕਿਸਾਨਾਂ ਨੂੰ ਕਰਜੇ ਤੋਂ ਮੁਕਤੀ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।