ਵਿਸ਼ਵ ਹਾਕੀ ਕੱਪ : ਅੱਜ ਸਪੇਨ-ਨਿਊਜੀਲੈਂਡ, ਅਰਜਨਟੀਨਾ-ਫਰਾਂਸ ਭਿੜਣਗੇ

17

  • ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ

ਭੂਬਨੇਸ਼ਵਰ ਵਿਚ ਚੱਲ ਰਹੇ ਵਿਸ਼ਵ ਹਾਕੀ ਕੱਪ ਦੇ ਚਾਰੇ ਪੂਲਾਂ ਦੀਆਂ ਟੀਮਾਂ ਵੱਲੋਂ ਦੋ-ਦੋ ਮੈਚ ਖੇਡਣ ਤੋਂ ਬਾਅਦ ਅੱਜ ਏ ਪੋਲ ਦੀਆਂ ਟੀਮਾਂ ਸਪੇਨ-ਨਿਊਜੀਲੈਂਡ ਅਤੇ ਅਰਜਨਟੀਨਾ-ਫਰਾਂਸ ਵਿਚਕਾਰ ਮੁਕਾਬਲਾ ਹੋਵੇਗਾ। ਇਸ ਪੂਲ ਵਿਚ ਅਰਜਨਟੀਨਾ ਨੇ ਹੁਣ ਤੱਕ ਆਪਣੇ ਦੋਨੇ ਮੈਚ ਜਿੱਤੇ ਹਨ ਅਤੇ ਉਸ ਦੇ 6 ਅੰਕ ਹਨ, ਜਦੋਂ ਕਿ ਫਰਾਂਸ ਨੇ ਇਕ ਮੈਚ ਹਾਰਿਆ ਹੈ ਅਤੇ ਇਕ ਬਰਾਬਰ ਖੇਡਿਆ ਹੈ, ਜਿਸ ਕਾਰਨ ਉਸ ਦਾ ਇਕ ਅੰਕ ਹੈ। ਇਸੇ ਤਰ੍ਹਾਂ ਨਿਊਜੀਲੈਂਡ ਦੀ ਟੀਮ ਨੇ ਇਕ ਮੈਚ ਜਿੱਤਿਆ ਹੈ, ਇਕ ਹਾਰਿਆ ਹੈ ਅਤੇ ਉਸ ਦੇ 3 ਅੰਕ ਹਨ, ਜਦੋਂ ਕਿ ਸਪੇਨ ਵੱਲੋਂ ਦੋ ਮੈਚਾਂ ਵਿਚੋਂ ਇਕ ਮੈਚ ਹਾਰਕੇ ਅਤੇ ਇਕ ਬਰਾਬਰ ਰੱਖਕੇ 1 ਅੰਕ ਹਾਸਲ ਕੀਤਾ ਹੋਇਆ ਹੈ।
ਅੱਜ ਦੇ ਮੈਚਾਂ ਵਿਚ ਫਰਾਂਸ ਜਿੱਤਣ ਲਈ ਸਿਰਤੋੜ ਯਤਨ ਕਰੇਗਾ, ਜਦੋਂ ਕਿ ਅਰਜਨਟੀਨਾ ਦੀ ਟੀਮ ਨਾਲ ਉਸ ਨੂੰ ਜਿੱਤਣ ਲਈ ਕਰੜਾ ਸੰਘਰਸ਼ ਕਰਨਾ ਪਵੇਗਾ। ਇਸੇ ਤਰ੍ਹਾਂ ਸਪੇਨ ਨੂੰ ਨਿਊਜੀਲੈਂਡ ਉਪਰ ਜਿੱਤ ਹਾਸਲ ਕਰਨ ਲਈ ਤਕੜੀ ਜ਼ੋਰ ਅਜਮਾਈ ਕਰਨੀ ਪਵੇਗੀ, ਜਦੋਂ ਕਿ ਨਿਊਜੀਲੈਂਡ ਇਸ ਮੈਚ ਨੂੰ ਜਿੱਤਣ ਲਈ ਆਪਣੀ ਹਰ ਵਾਹ ਲਾਵੇਗਾ।
ਜਿਕਰਯੋਗ ਹੈ ਕਿ ਟੂਰਨਾਮੈਂਟ ਵਿਚ 16 ਟੀਮਾਂ ਨੂੰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਹੈ। ਹਰ ਗਰੁੱਪ ਦੇ ਪਹਿਲੇ ਨੰਬਰ ਵਾਲੀ ਟੀਮ ਕੁਆਟਰ ਫਾਈਨਲ ਵਿਚ ਪਹੁੰਚੇਗੀ, ਜਦੋਂ ਕਿ ਦੂਸਰੀ ਅਤੇ ਤੀਸਰੀ ਨੰਬਰ ਦੀ ਟੀਮ ਨੂੰ ਕੁਆਟਰ ਫਾਈਨਲ ਵਿਚ ਪਹੁੰਚਣ ਦਾ ਮੌਕਾ ਦਿੱਤਾ ਗਿਆ ਹੈ, ਜਿਸ ਨਾਲ ਗਰੁੱਪ ਏ ਦੀ ਦੂਸਰੇ ਨੰਬਰ ਦੀ ਟੀਮ, ਗਰੁੱਪ ਬੀ ਦੇ ਤੀਸਰੇ ਨੰਬਰ ਦੀ ਟੀਮ ਨਾਲ ਅਤੇ ਗਰੁੱਪ ਏ ਦੀ ਤੀਸਰੇ ਨੰਬਰ ਦੀ ਟੀਮ, ਗਰੁੱਪ ਬੀ ਦੇ ਦੂਸਰੇ ਨੰਬਰ ਦੀ ਟੀਮ ਨਾਲ ਕਰਾਸ ਮੁਕਾਬਲਾ ਹੋਵੇਗਾ। ਇਨ੍ਹਾਂ ਵਿਚੋਂ ਜੇਤੂ ਟੀਮਾਂ ਹੀ ਕੁਆਟਰ ਫਾਈਨਲ ਵਿਚ ਪਹੁੰਚਣਗੀਆਂ। ਦੂਸਰੇ ਦੋਨੇ ਪੂਲਾਂ ਵਿਚ ਵੀ ਇਸੇ ਤਰ੍ਹਾਂ ਕਰਾਸ ਮੁਕਾਬਲੇ ਹੋਣਗੇ।
ਇਸ ਵਿਸ਼ਵ ਕੱਪ ਵਿਚ ਮੈਚ, ਪਹਿਲੀ ਵਾਰ 15-15 ਮਿੰਟ ਦੇ ਚਾਰ ਕੁਆਟਰ ਦੇ ਹਿਸਾਬ ਨਾਲ ਮੈਚ ਖੇਡੇ ਜਾ ਰਹੇ ਹਨ, ਜਿਸ ਨਾਲ ਇਸ ਵਾਰ ਕੁੱਲ ਖੇਡ 60 ਮਿੰਟ ਦੀ ਰਹਿ ਗਈ ਹੈ, ਜਦੋਂ ਕਿ ਪਿਛਲੀ ਵਾਰ ਵਿਸ਼ਵ ਕੱਪ ਵਿਚ ਖੇਡ 35-35 ਮਿੰਟ ਦੇ ਦੋ ਹਾਫ ਹੁੰਦੇ ਸਨ, ਇਸ ਵਾਰ 10 ਮਿੰਟ ਦਾ ਖੇਡ ਘੱਟ ਗਿਆ ਹੈ। 1 ਸਤੰਬਰ 2014 ਤੋਂ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ ਸਾਰੇ ਮੈਚ ਨੂੰ ਚਾਰ ਕੁਆਟਰ ਦੇ ਹਿਸਾਬ ਨਾਲ ਕਰਵਾਉਣ ਦਾ ਫੈਸਲਾ ਲਿਆ ਹੋਇਆ ਹੈ। 2016 ਰੀਓ ਓਲੰਪਿਕ ਵਿਚ ਵੀ ਇਹੋ ਨਿਯਮ ਲਾਗੂ ਸਨ।
ਭੂਬਨੇਸ਼ਵਰ ਵਿਚ ਹੁਣ ਤੱਕ ਖੇਡੇ ਗਏ ਇਸ ਵਿਸ਼ਵ ਕੱਪ ਵਿਚ 16 ਮੈਚਾਂ ਦੌਰਾਨ 56 ਗੋਲ ਹੋਏ ਹਨ, ਜਿੰਨ੍ਹਾਂ ਵਿਚੋਂ 35 ਫੀਲਡ ਗੋਲ, 18 ਪਨੈਲਟੀ ਕਾਰਨਰ ਅਤੇ ਤਿੰਨ ਸਟਰਾਕ ਜਰੀਏ ਹੋਏ ਹਨ। ਸਭ ਤੋਂ ਜਿਆਦੇ ਗੋਲ ਨੀਦਰਲੈਂਡ ਨੇ ਕੀਤੇ ਹਨ।