ਵਿਸ਼ਵ ਕੱਪ ਹਾਕੀ: ਅੱਜ ਜਰਮਨੀ-ਨੀਦਰਲੈਂਡ, ਮਲੇਸ਼ੀਆ-ਪਾਕਿਸਤਾਨ ਭੀੜਣਗੇ

23

ਭੂਬਨੇਸ਼ਵਰ, 5 ਦਸੰਬਰ – ਭੂਬਨੇਸ਼ਵਰ ਵਿਚ ਖੇਡੇ ਜਾ ਰਹੇ ਵਿਸ਼ਵ ਹਾਕੀ ਕੱਪ ਵਿਚ ਅੱਜ ਜਰਮਨੀ ਦਾ ਨੀਦਰਲੈਂਡ ਨਾਲ ਅਤੇ ਮਲੇਸ਼ੀਆ ਦਾ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ। ਡੀ-ਪੂਲ ਦੀਆਂ ਇਹ ਚਾਰੇ ਟੀਮਾਂ, ਇਸ ਤੋਂ ਪਹਿਲਾਂ ਆਪਣਾ ਇਕ-ਇਕ ਮੈਚ ਖੇਡ ਚੁੱਕੀਆਂ ਹਨ, ਜਿਸ ਵਿਚ ਨੀਦਰਲੈਂਡ ਅਤੇ ਜਰਮਨੀ ਨੇ ਆਪਣਾ ਪਹਿਲਾਂ ਮੈਚ ਜਿੱਤਿਆ ਹੈ, ਜਦੋਂ ਕਿ ਪਾਕਿਸਤਾਨ ਅਤੇ ਮਲੇਸ਼ੀਆ ਨੇ ਆਪਣਾ ਪਹਿਲਾਂ ਮੈਚ ਹਾਰਿਆ ਹੋਇਆ ਹੈ। ਪਾਕਿਸਤਾਨ ਨੂੰ ਜਰਮਨੀ ਹੱਥੋਂ ਅਤੇ ਮਲੇਸ਼ੀਆ ਨੂੰ ਹਾਲੈਂਡ ਹੱਥੋਂ ਹਾਰ ਹੋਈ ਹੈ।
ਅੱਜ ਦੇ ਜਰਮਨੀ ਅਤੇ ਨੀਦਰਲੈਂਡ ਦੇ ਮੁਕਾਬਲੇ ‘ਚੋਂ ਜਿੱਤਣ ਵਾਲੀ ਟੀਮ ਦੇ ਆਖ਼ਰੀ ਅੱਠ ਵਿਚ ਪਹੁੰਚਣ ਦੀ ਉਮੀਦ ਹੈ, ਜਦੋਂ ਕਿ ਪਾਕਿਸਤਾਨ ਅਤੇ ਮਲੇਸ਼ੀਆ ਨੂੰ ਕੁਝ ਕਰਕੇ ਵਿਖਾਉਣ ਲਈ ਵੀ ਆਪੋ-ਆਪਣਾ ਮੈਚ ਜਿੱਤਣਾ ਵਕਾਰ ਦਾ ਸਵਾਲ ਬਣਿਆ ਹੋਇਆ ਹੈ।
ਜਿਕਰਯੋਗ ਹੈ ਕਿ ਪੂਲ-ਡੀ ਵਿਚਲੀਆਂ ਚਾਰੇ ਟੀਮਾਂ ਨੇ ਹੀ ਹੁਣ ਤੱਕ ਆਪਣਾ ਇਕ-ਇਕ ਮੈਚ ਖੇਡਿਆ ਹੈ, ਜਦੋਂ ਏ, ਬੀ ਅਤੇ ਸੀ ਪੋਲ ਦੀਆਂ ਟੀਮਾਂ ਅੱਜ ਤੋਂ ਪਹਿਲਾਂ ਆਪਣੇ ਦੋ-ਦੋ ਮੈਚ ਖੇਡ ਚੁੱਕੀਆਂ ਹਨ। ਚਾਰੇ ਪੋਲਾਂ ਵਿਚ ਚਾਰ-ਚਾਰ ਟੀਮਾਂ ਹਨ, ਜਿੰਨ੍ਹਾਂ ਨੂੰ ਆਪਣੇ ਤਿੰਨ-ਤਿੰਨ ਮੈਚ ਖੇਡਣੇ ਪੈਣੇ ਹਨ।