– 71 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਟਰਾਫੀ ‘ਤੇ ਕੀਤਾ ਕਬਜ਼ਾ
– ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਜ਼ਰੂਰੀ: ਬਲਬੀਰ ਸਿੰਘ ਸਿੱਧੂ
– ਕੈਬਨਿਟ ਮੰਤਰੀ ਨੇ ਪੇਂਡੂ ਸਪੋਰਟਸ ਐਂਡ ਵੈਲਫੇਅਰ ਕਲੱਬ ਨੂੰ ਦਿੱਤੇ 51 ਹਜ਼ਾਰ ਰੁਪਏ
ਐਸ.ਏ.ਐਸ ਨਗਰ, 03 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਨਸ਼ਿਆਂ ਦੇ ਖਾਤਮੇ, ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀ ਹੈ ਤੇ ਖੇਡਾਂ ਦੇ ਖੇਤਰ ਵਿਚ ਸੂਬੇ ਨੂੰ ਦੇਸ਼ ਵਿਚੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸੇ ਤਹਿਤ ਹੀ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਖੇਡ ਨੀਤੀ ਲਾਗੂ ਕੀਤੀ ਗਈ ਹੈ, ਜੋ ਕਿ ਦੇਸ਼ ਦੀ ਸਰਬੋਤਮ ਖੇਡ ਨੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਤੇ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਪੇਂਡੂ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਕੁੰਭੜਾ ਅਤੇ ਪਿੰਡ ਮੁਹਾਲੀ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ: ਰਣਜੀਤ ਸਿੰਘ ਘੋਲਾ ਨੂੰ ਸਮਰਪਿਤ ਦਸਹਿਰਾ ਗਰਾਊਂਡ ਫੇਜ਼-8 ਮੁਹਾਲੀ ਵਿਖੇ ਕਰਵਾਏ 24ਵੇਂ ਦੋ ਰੋਜ਼ਾ ਕਬੱਡੀ ਕੱਪ ਦੇ ਸਮਾਪਤੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨੀਂ ਇੱਥੇ ਸੈਕਟਰ-78 ਸਥਿਤ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਸਾਲ 2015-16 ਦੌਰਾਨ ਸੂਬਾਈ, ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ 786 ਖਿਡਾਰੀਆਂ ਨੂੰ 02 ਕਰੋੜ 48 ਲੱਖ 89 ਹਜ਼ਾਰ 900 ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਖੇਡ ਨੀਤੀ ਬਣਾਏ ਜਾਣ ਤੋਂ ਫੌਰੀ ਬਾਅਦ ਹੀ ਏਸ਼ਿਆਈ ਅਤੇ ਰਾਸ਼ਟਰ ਮੰਡਲ ਖੇਡਾਂ ਵਿਚ ਤਗਮੇ ਜਿੱਤਣ ਵਾਲੇ 23 ਖਿਡਾਰੀਆਂ ਨੂੰ 15 ਕਰੋੜ 55 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਇਲਾਵਾ ਜਿਹੜੇ ਵੀ ਖਿਡਾਰੀਆਂ ਦੀ ਜੋ ਵੀ ਇਨਾਮੀ ਰਾਸ਼ੀ ਬਕਾਇਆ ਹੈ, ਉਹ ਵੀ ਛੇਤੀ ਹੀ ਖਿਡਾਰੀਆਂ ਨੂੰ ਦੇ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਖੇਡ ਨੀਤੀ ਤਹਿਤ ਖਿਡਾਰੀਆਂ ਵਾਸਤੇ ਨੌਕਰੀਆਂ ਦੇਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤੇ ਯੋਗ ਖਿਡਾਰੀਆਂ ਨੂੰ ਹਰ ਹਾਲ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਟੂਰਨਾਮੈਂਟ ਦੌਰਾਨ ਕਰਵਾਏ ਕਬੱਡੀ ਆਲ ਓਪਨ ਦੇ ਮੁਕਾਬਲਿਆਂ ਵਿਚ ਪੰਜਾਬ ਦੀਆਂ 8 ਪ੍ਰਸਿੱਧ ਅਕੈਡਮੀਆਂ ਨੇ ਹਿੱਸਾ ਲਿਆ ਜਿਸ ਵਿਚ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 71,000 ਰੁਪਏ ਦੀ ਇਨਾਮੀ ਰਾਸ਼ੀ ਅਤੇ ਜੇਤੂ ਟਰਾਫੀ ‘ਤੇ ਆਪਣਾ ਕਬਜ਼ਾ ਕੀਤਾ, ਜਦਕਿ ਮਾਤਾ ਸਾਹਿਬ ਕੌਰ ਕਬੱਡੀ ਅਕੈਡਮੀ ਫਰਵਾਹੀ ਨੇ ਦੂਜੇ ਸਥਾਨ ‘ਤੇ ਰਹਿੰਦਿਆਂ 61,000 ਰੁਪਏ ਦੀ ਇਨਾਮੀ ਰਾਸ਼ੀ ਅਤੇ ਟਰਾਫੀ ਆਪਣੇ ਨਾਂ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਵਲੋਂ ਸਪੋਰਟਸ ਕਲੱਬ ਨੂੰ 51 ਹਜ਼ਾਰ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਕਬੱਡੀ 65 ਕਿਲੋ ਭਾਰ ਵਰਗ ਵਿਚ ਪਿੰਡ ਜੰਡ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਦਿਆਂ 15 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਪਿੰਡ ਕੁੰਬੜਾ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਰਕੇ 11 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਹਾਸਿਲ ਕੀਤੀ। ਇਸ ਤੋਂ ਇਲਾਵਾ ਪਿੰਡਾਂ ਦੇ ਓਪਨ ਮੁਕਾਬਲਿਆਂ ਵਿਚ ਪਿੰਡ ਕੁੰਬੜਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਦਿਆਂ 31 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਤੇ ਪਿੰਡ ਪਲਹੇਰੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਦਿਆਂ 25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ।
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਕਾਂਗਰਸੀ ਆਗੂ ਜੀ.ਐਸ ਰਿਆੜ, ਸਤਪਾਲ ਸਿੰਘ, ਅਮਰਜੀਤ ਸਿੰਘ ਸਿੱਧੂ, ਸਰਪੰਚ ਸੁਰਜੀਤ ਸਿੰਘ ਮਾਵੀ, ਮਨਜੀਤ ਸਿੰਘ ਮਾਵੀ, ਗੁਰਮੁਖ ਸਿੰਘ ਡੀ.ਪੀ., ਬਲਵਿੰਦਰ ਸਿੰਘ ਜੈਲਦਾਰ, ਕਮਲਪ੍ਰੀਤ ਸਿੰਘ ਬੰਨੀ, ਆਰ.ਐਸ. ਹੈਪੀ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।