ਪੁਲੀਸ ਨੇ ਪਾਰਸਲ ਬੰਬ ਨੂੰ ਨਸ਼ਟ ਕਰਵਾਕੇ ਜਾਂਚ ਆਰੰਭੀ
ਬੁਢਲਾਡਾ (ਮਾਨਸਾ), 29 ਨਵੰਬਰ (ਵਿਸ਼ਵ ਵਾਰਤਾ)- ਬੁਢਲਾਡਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਇਕ ਠੇਕੇਦਾਰ ਦੇ ਘਰ ਉਸ ਦੀ ਪਤਨੀ ਨੂੰ ਦੋ ਨੌਜਵਾਨਾਂ ਵੱਲੋਂ ਪਾਰਸਲ *ਬੰਬ* ਦੇ ਨਾਲ 20 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲਾ ਇਕ ਪੱਤਰ ਫੜਾਉਣ ਤੋਂ ਬਾਅਦ ਭਾਵੇਂ ਪੁਲੀਸ ਹਰਕਤ ਵਿਚ ਆ ਗਈ ਹੈ, ਪਰ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲੀਸ ਵੱਲੋਂ ਪਰਿਵਾਰ ਤੋਂ ਫਿਰੋਤੀ ਵਾਲਾ ਪੱਤਰ ਹਾਸਲ ਕਰਨ ਤੋਂ ਬਾਅਦ ਸ਼ਹਿਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਸਹਾਰੇ ਨਾਲ ਨੌਜਵਾਨਾਂ ਦਾ ਖੁਰਾ—ਖੋਜ ਲੱਭਣ ਲਈ ਉਪਰਾਲੇ ਤੇਜ਼ ਕਰ ਦਿੱਤੇ ਹਨ, ਜਦੋਂ ਕਿ ਪਾਰਸਲ ਬੰਬ ਨੂੰ ਮਾਹਿਰਾਂ ਦੀ ਟੀਮ ਬੁਲਾਕੇ ਬਕਾਇਦਾ ਨਸ਼ਟ ਕਰਵਾ ਦਿੱਤਾ ਗਿਆ ਹੈ। ਉਂਝ ਇਸ ਬੰਬ ਨੂੰ ਖੋਖਲਾ ਦੱਸਿਆ ਜਾ ਰਿਹਾ ਹੈ।
ਪੁਲੀਸ ਵੱਲੋਂ ਨਸ਼ਟ ਕੀਤੇ ਗਏ ਇਸ ਪਾਰਸਲ ਬੰਬ ਦੇ ਨਮੂਨੇ ਲੈਕੇ ਫਰੈਸਿਕ ਲੈਬ ਵਿਚ ਭੇਜੇ ਗਏ ਹਨ ਤਾਂ ਜੋ ਇਸ ਦੇ ਵਿਸਫੋਟਕ ਹੋਣ ਦੀ ਸਮਰੱਥਾ ਦਾ ਅੰਦਾਜਾ ਲਾਇਆ ਜਾ ਸਕੇ। ਪੁਲੀਸ ਨੇ ਇਸ ਪਾਰਸਲ ਬੰਬ ਦੀ ਅਸਲ ਤਹਿ ਤੱਕ ਜਾਣ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਹਨ, ਜਿੰਨ੍ਹਾਂ ਵੱਲੋਂ ਕਈ ਥਿਊਰੀਆਂ ਨੂੰ ਵਾਚਣਾ ਆਰੰਭ ਕੀਤਾ ਗਿਆ ਹੈ।
ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਹ ਪਾਰਸਲ ਬੈਂਕਾਂ ਦਾ ਕਬਾੜ (ਸਕਰੈਪ) ਲੈਣ ਵਾਲੇ ਠੇਕੇਦਾਰ ਸੁਰਿੰਦਰ ਕੁਮਾਰ ਦੀ ਪਤਨੀ ਸਕੁੰਤਲਾ ਦੇਵੀ ਨੂੰ ਮੋਟਰ ਸਾਈਕਲ ਉਤੇ ਪਿਛਲੀ ਸੀਟ *ਤੇ ਸਵਾਰ ਇਕ ਨੌਜਵਾਨ ਵੱਲੋਂ ਇਕ ਬੈਂਕ ਦੁਆਰਾ ਭੇਜਿਆ ਗਿਆ ਤੋਹਫਾ ਦੱਸਕੇ ਫੜਾਇਆ ਗਿਆ। ਇਸ ਪਾਰਸਲ ਦੇ ਨਾਲ ਨੌਜਵਾਨ ਵੱਲੋਂ ਇਕ ਲਿਫਾਫੇ ਵਿਚਲਾ ਪੱਤਰ ਵੀ ਫੜਾਇਆ ਗਿਆ, ਜਿਸ ਨੂੰ ਪੜ੍ਹਨ ਤੋਂ ਬਾਅਦ ਹੀ ਠੇਕੇਦਾਰ ਦੀ ਪਤਨੀ ਨੂੰ ਗਿਫਟ ਵਾਲੇ ਪਾਰਸਲ ਵਿਚ ਬੰਬ ਹੋਣ ਦੀ ਸੂਚਨਾ ਪ੍ਰਾਪਤ ਹੋਈ। ਹਿੰਦੀ ਵਿਚ ਲਿਖੇ ਇਸ ਪੱਤਰ *ਚ ਪਰਿਵਾਰ ਤੋਂ 20 ਲੱਖ ਰੁਪਏ ਦੀ ਰਕਮ ਰਤੀਆ ਦੇ ਇਕ ਸਕੂਲ ਕੋਲ ਪਹੁੰਚਾਉਣ ਦੀ ਮੰਗ ਕੀਤੀ ਗਈ ਅਤੇ ਪੁਲੀਸ ਨੂੰ ਜਾਣਕਾਰੀ ਦੇਣ ਅਤੇ ਰਾਸ਼ੀ ਨਾ ਭੇਜਣ ਤੋਂ ਬਾਅਦ ਪਰਿਵਾਰ ਦਾ ਮਾੜਾ ਹਸ਼ਰ ਕਰਨ ਦੀ ਚਿਤਾਵਨੀ ਦਿੱਤੀ ਗਈ। ਪੱਤਰ ਵਿਚ ਸਾਰੀ ਰਾਸ਼ੀ ਸ਼ਨੀਵਾਰ ਨੂੰ 4 ਵਜੇ ਤੱਕ ਭੇਜਣ ਲਈ ਕਿਹਾ ਗਿਆ ਸੀ ਅਤੇ ਰਾਸ਼ੀ ਲੈਣ ਤੋਂ ਬਾਅਦ ਵੀ ਪਾਰਸਲ ਵਾਲਾ ਬੰਬ ਵਾਪਸ ਲਿਜਾਣ ਦਾ ਦਾਅਵਾ ਕੀਤਾ ਗਿਆ, ਜਦੋਂ ਕਿ ਪਾਰਸਲ ਬੰਬ ਦਾ ਰਿਮੋਟ ਧਮਕੀਕਾਰਾਂ ਨੇ ਆਪਣੇ ਕੋਲ ਹੋਣ ਦੀ ਚਿਤਾਵਨੀ ਦਿੱਤੀ ਸੀ।
ਪਰਿਵਾਰ ਵੱਲੋਂ ਪੁਲੀਸ ਨੂµ ਸੂਚਿਤ ਕਰਨ ਤੋਂ ਤੁਰੰਤ ਬਾਅਦ ਐਸਐਸਪੀ ਮਾਨਸਾ ਮਨਧੀਰ ਸਿੰਘ ਨੇ ਭਾਰੀ ਪੁਲੀਸ ਪਾਰਟੀ ਲੈਕੇ ਬੁਢਲਾਡਾ ਪੁੱਜੇ ਅਤੇ ਇਸ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਘਰ ਵਿਚ ਪਏ ਪਾਰਸਲ ਵਿਚ ਬµਬ ਹੋਣ ਦੀ ਅਫਵਾਹ ਕਾਰਨ ਬਠਿµਡਾ ਤੋਂ ਵਿਸੇਸ਼ ਟੀਮ ਬੁਲਾਕੇ ਉਸਦੇ ਕੋਲ ਧਮਾਕੇ ਕੀਤੇ ਗਏ, ਪਰ ਦੇਰ ਸ਼ਾਮ ਤੱਕ ਪੁਲੀਸ ਦੇ ਹੱਥ ਬµਬ ਆਦਿ ਹੋਣ ਦਾ ਕੋਈ ਠੋਸ ਤੱਥ ਹੱਥ ਨਹੀਂ ਲੱਗਿਆ। ਬੰਬ ਨੂੰ ਖਤਮ ਕਰਨ ਤੋਂ ਪਹਿਲਾਂ ਪੁਲੀਸ ਨੇ ਬੁਢਲਾਡਾ ਦੀ ਬਾਰਾਂ ਨੌਹਰੇ ਬਸਤੀ ਦੇ ਆਲੇ—ਦੁਆਲੇ ਦੇ ਦਰਜਨਾਂ ਘਰ ਖਾਲੀ ਕਰਵਾ ਲਏ ਹਨ।
ਮਾਨਸਾ ਦੇ ਐਸਐਸਪੀ ਮਨਧੀਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਬਠਿµਡਾ ਤੋਂ ਮਾਹਿਰਾਂ ਦੀਆਂ ਵਿਸ਼ੇਸ਼ ਟੀਮਾਂ ਬੁਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
ਫੋਟੋ ਕੈਪਸ਼ਨ: ਮਾਨਸਾ ਦੇ ਐਸਐਸਪੀ ਮਨਧੀਰ ਸਿੰਘ, ਪਰਿਵਾਰ ਨੂੰ ਦਿੱਤੇ ਧਮਕੀ ਪੱਤਰ ਨੂੰ ਵਾਚਦੇ ਹੋਏ। ਫੋਟੋ: ਵਿਸ਼ਵ ਵਾਰਤਾ