ਚੰਡੀਗੜ੍ਹ, 28 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਭਾਦਸੋਂ, ਪਟਿਆਲਾ ਵਿਖੇ ਤਾਇਨਾਤ ਮਾਰਕਫੈਡ ਦਾ ਮੈਨੇਜਰ ਕਮ ਖੇਤਰੀ ਅਫਸਰ ਅਤੇ ਡਿਪਟੀ ਮੈਨੇਜਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਮੈਨੇਜਰ ਕਮ ਖੇਤਰੀ ਅਫਸਰ ਸੰਦੀਪ ਸ਼ਰਮਾ ਅਤੇ ਡਿਪਟੀ ਮੈਨੇਜਰ ਵਿਸ਼ਾਲ ਗੁਪਤਾ ਨੂੰ ਸ਼ਿਕਾਇਤਕਰਤਾ ਜਸਵੀਰ ਸਿੰਘ ਵਾਸੀ ਦਰਗਾਪੁਰ, ਜਿਲਾ ਪਟਿਆਲਾ ਦੀ ਸ਼ਿਕਾਇਤ ‘ਤੇ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਅਧਿਕਾਰੀਆਂ ਮਾਰਕਫੈਡ ਵਲੋਂ ਖਰੀਦ ਕੀਤਾ ਝੋਨਾ ਉਸ ਦੇ ਸ਼ੈਲਰ ਵਿਚ ਸਟੋਰ ਕਰਨ ਬਦਲੇ 2.50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 50,000 ਰੁਪਏ ਦੀ ਮੰਗ ਕਰ ਰਹੇ ਹਨ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀਆਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।