– ਇਹ ਮਾਰਚ 8 ਦਸੰਬਰ ਤੋਂ ਸ਼ੁਰੂ ਹੋਵੇਗਾ।
ਚੰਡੀਗੜ੍ਹ, 27 ਨਵੰਬਰ – ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਆਮ ਆਦਮੀ ਪਾਰਟੀ ਵਿਧਾਇਕਾਂ ਦੇ ਬਾਗੀ ਅੱਠ ਵਿਧਾਇਕਾਂ ਦੇ ਧੜੇ, ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਐਮ.ਐਲ.ਏ ਅਤੇ ਐਮ.ਪੀ ਡਾ. ਗਾਂਧੀ ਦੀ ਅਗਵਾਈ ਵਾਲੇ ਪੰਜਾਬ ਮੰਚ ਨੇ ੮ ਦਿਨਾਂ ਇਨਸਾਫ ਮਾਰਚ ਦਾ ਐਲਾਨ ਕੀਤਾ ਜੋ ਕਿ ੮ ਦਸੰਬਰ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ ਅਤੇ ਆਖਿਰ ੧੬ ਦਸੰਬਰ ਨੂੰ ਪਟਿਆਲਾ ਵਿਖੇ ਲੋਕਾਂ ਦੇ ਭਾਰੀ ਇਕੱਠ ਵਿੱਚ ਤਬਦੀਲ ਹੋ ਜਾਵੇਗਾ।
ਪੰਜਾਬ ਦੀ ਇਸ ਨਵੀਂ ਤਿਕੜੀ ਨੇ ਕਿਹਾ ਕਿ ਉਕਤ ਇਨਸਾਫ ਮਾਰਚ ਕੈਪਟਨ ਅਮਰਿੰਦਰ ਸਿੰਘ ਦੇ ਅਯੋਗ ਰਾਜ ਖਿਲਾਫ ਜਨਤਾ ਵਿੱਚ ਲੋਕ ਲਹਿਰ ਪੈਦਾ ਕਰੇਗਾ ਜੋ ਕਿ ਬਾਦਲਾਂ ਦੀ ਭ੍ਰਿਸ਼ਟ ਕਾਰਜਸ਼ੈਲੀ ਦੀ ਪਰੰਪਰਾ ਨੂੰ ਹੀ ਅੱਗੇ ਵਧਾ ਰਿਹਾ ਹੈ।
ਇਨਸਾਫ ਮਾਰਚ ਸਬੰਧੀ ਵਿਸਥਾਰ ਸਹਿਤ ਦੱਸਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਦੋਸਤ ਬਾਦਲਾਂ ਵਾਂਗ ਹੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਵਰਗੇ ਗੰਭੀਰ ਮੁੱਦਿਆਂ ਵਿੱਚ ਇਨਸਾਫ ਤੋਂ ਇਨਕਾਰੀ ਹੋਣ ਲਈ ਹਰ ਹੀਲਾ ਵਰਤ ਰਹੇ ਹਨ। ਉਹਨਾਂ ਕਿਹਾ ਕਿ ਤਿੰਨ ਸਾਲ ਤੋਂ ਜਿਆਦਾ ਸਮਾਂ ਹੋ ਗਿਆ ਹੈ ਅਤੇ ਦਿਨ ਦਿਹਾੜੇ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਮਾਰੇ ਜਾਣ ਦੇ ਮਾਮਲੇ ਵਿੱਚ ਇੱਕ ਸਿਪਾਹੀ ਤੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਉਲਟਾ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਪੁਲਿਸ ਅਫਸਰਾਂ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਸਮਾਂ ਦੇ ਕੇ ਉਹਨਾਂ ਨੂੰ ਬਚਾ ਰਹੇ ਹਨ। ਖਹਿਰਾ ਨੇ ਕਿਹਾ ਕਿ ਹੁਣ ਜਾਂਚ ਕਰ ਰਹੀ ਐਸ.ਆਈ.ਟੀ ਵੀ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਅਤੇ ਹਾਲ ਹੀ ਵਿੱਚ ਬਾਦਲਾਂ ਅਤੇ ਐਕਟਰ ਅਕਸ਼ੇ ਕੁਮਾਰ ਤੋਂ ਕੀਤੀ ਗਈ ਪੁੱਛਗਿੱਛ ਵੀ ਇਨਸਾਫ ਵਿੱਚ ਦੇਰੀ ਕਰਨ ਲਈ ਕੀਤਾ ਜਾ ਰਿਹਾ ਮਹਿਜ ਇੱਕ ਡਰਾਮਾ ਹੈ। ਖਹਿਰਾ ਨੇ ਕਿਹਾ ਕਿ ਹੁਣ ਇਹ ਪੂਰੀ ਤਰਾਂ ਨਾਲ ਸਾਫ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨਾਲ ਰਲੇ ਹੋਏ ਹਨ। ਖਹਿਰਾ ਨੇ ਮੰਗ ਕੀਤੀ ਕਿ ਕਤਲਾਂ ਅਤੇ ਬੇਅਦਬੀ ਲਈ ਜਿੰਮੇਵਾਰ ਬਾਦਲਾਂ ਅਤੇ ਸੁਮੇਧ ਸੈਣੀ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਦੇ ਨਾਲ ਆਏ ਡਾ. ਗਾਂਧੀ, ਬੈਂਸ ਅਤੇ ਖਹਿਰਾ ਨੇ ਹੋਰ ਵਿਸਥਾਰ ਨਾਲ ਦੱਸਦੇ ਕਿਹਾ ਕਿ ਕਿਸਾਨਾਂ ਦੇ ਦੁੱਖ ਦਰਦਾਂ ਅਤੇ ਕਾਂਗਰਸ ਵੱਲੋਂ ਗੁੰਮਰਾਹ ਕੀਤੇ ਗਏ ਨੋਜਵਾਨਾਂ ਦੀਆਂ ਸਮੱਸਿਆਂ ਨੂੰ ਉਠਾ ਕੇ ਸੂਬੇ ਦੀ ਕਿਸਾਨੀ-ਜਵਾਨੀ ਬਚਾਉਣਾ ਇਨਸਾਫ ਮਾਰਚ ਦਾ ਮਕਸਦ ਹੋਵੇਗਾ। ਉਹਨਾਂ ਕਿਹਾ ਕਿ ਕਿਸਾਨ ਅਤੇ ਖੇਤ ਮਜਦੂਰ ੧ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹਨ ਅਤੇ ਰੋਜਾਨਾ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾ ਕਿਹਾ ਕਿ ਕਾਂਗਰਸ ਦੇ ੨੦ ਮਹੀਨੇ ਦੇ ਰਾਜ ਦੋਰਾਨ ੫੫੦ ਤੋਂ ਵੀ ਜਿਆਦਾ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਆਪਣੇ ਕਰਜ਼ਾ ਮੁਕਤੀ ਦੇ ਵਾਅਦੇ ਤੋਂ ਮੁਕਰਣ ਵਾਲੀ ਕੈਪਟਨ ਸਰਕਾਰ ਕੋਲੋਂ ਕਿਸਾਨਾਂ ਨੇ ਹਰ ਆਸ ਛੱਡ ਦਿੱਤੀ ਹੈ, ਉਹਨਾਂ ਨੇ ਇਸ ਨੂੰ ਕਿਸਾਨਾਂ ਨਾਲ ਫਰਾਡ ਐਲਾਨ ਦਿੱਤਾ।
ਉਹਨਾਂ ਕਿਹਾ ਕਿ ਕਿਸਾਨਾਂ ਵਾਂਗ ਹੀ ਪੰਜਾਬ ਦੇ ਨੋਜਵਾਨ ਵੀ ਅੱਜ ਪੂਰੀ ਤਰਾਂ ਨਾਲ ਠੱਗੇ ਹੋਏ ਮਹਿਸੂਸ ਕਰਦੇ ਹਨ ਅਤੇ ਨਿਰਾਸ਼ ਹਨ। ਪੰਜਾਬ ਵਿੱਚ ਬੇਰੋਜਗਾਰੀ ਖਤਰਨਾਕ ਹੱਦਾਂ ਟੱਪ ਚੁੱਕੀ ਹੈ ਅਤੇ ਪੰਜਾਬ ਦੇ ਲੱਖਾਂ ਨੋਜਵਾਨ ਜਾਂ ਤਾਂ ਹੋਰਨਾਂ ਦੇਸ਼ਾਂ ਵਿੱਚ ਜਾ ਰਹੇ ਹਨ ਜਾਂ ਫਿਰ ਡਰੱਗਸ ਦੇ ਜਾਲ ਵਿੱਚ ਫਸ ਰਹੇ ਹਨ। ਆਗੂਆਂ ਨੇ ਕਿਹਾ ਕਿ ਕਰਜ਼ਾ ਮੁਕਤੀ ਵਾਂਗ ਹੀ ਕੈਪਟਨ ਅਮਰਿੰਦਰ ਸਿੰਘ ਦੀ ਹਰ ਘਰ ਨੋਕਰੀ ਯੋਜਨਾ ਵੀ ਫਲਾਪ ਸਾਬਿਤ ਹੋਈ ਹੈ ਜਿਸ ਕਾਰਨ ਸਾਡੇ ਬੇਹਤਰੀਨ ਪੜੇ ਲਿਖੇ ਨੋਜਵਾਨ ਦੂਰ ਦੁਰਾਡੇ ਦੇਸ਼ਾਂ ਵਿੱਚ ਪਲਾਇਨ ਕਰ ਰਹੇ ਹਨ। ਉਹਨਾਂ ਕਿਹਾ ਕਿ ਬੇਰੋਜਗਾਰੀ ਅਤੇ ਡਰੱਗਸ ਨੇ ਮਿਲ ਕੇ ਪੰਜਾਬ ਵਿੱਚ ਅਰਾਜਕਤਾ ਦਾ ਮਾਹੋਲ ਪੈਦਾ ਕਰ ਦਿੱਤਾ ਹੈ ਅਤੇ ਕਰਾਇਮ ਕਈ ਗੁਣਾ ਵੱਧ ਗਿਆ ਹੈ।
ਇਨਸਾਫ ਮੋਰਚੇ ਦੇ ਅਯੋਜਕਾਂ ਨੇ ਕਿਹਾ ਕਿ ਭਾਂਵੇ ਉਹਨਾਂ ਨੇ ਇਸ ਮਾਰਚ ਨੂੰ ਇਨਸਾਫ ਦਾ ਛੋਟਾ ਨਾਮ ਅਤੇ ਕਿਸਾਨੀ-ਜਵਾਨੀ ਬਚਾਉ ਦਾ ਛੋਟਾ ਜਿਹਾ ਨਾਅਰਾ ਦਿੱਤਾ ਹੈ ਪਰੰਤੂ ਪੰਜਾਬ ਦੇ ਸਾਰੇ ਗੰਭੀਰ ਮੁੱਦੇ ਜਿਹਨਾਂ ਵਿੱਚ ਕਿ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿੱਚ ਗਿਰਾਵਟ, ਸ਼ਰੇਆਮ ਹੋ ਰਿਹਾ ਭ੍ਰਿਸ਼ਟਾਚਾਰ, ਮਾਫੀਆ ਰਾਜ, ਛੋਟੀ ਅਤੇ ਦਰਮਿਆਨੀ ਇੰਡਸਟਰੀ ਨਾਲ ਹੋ ਰਿਹਾ ਵਿਤਕਰਾ, ਕਮਜੋਰ ਵਰਗਾਂ ਅਤੇ ਦਲਿਤਾਂ ਨੂੰ ਹੱਕਾਂ ਅਤੇ ਸਰਕਾਰੀ ਸਕੀਮਾਂ ਤੋਂ ਇਨਕਾਰੀ ਹੋਣਾ, ਜਹਰੀਲੇ ਪਾਣੀ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਸਿਆਸੀਕਰਨ, ਢਹਿ ਢੇਰੀ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ, ਵੱਧ ਰਿਹਾ ਕਰਜ਼ਾ, ਕਰਮਚਾਰੀਆਂ ਨਾਲ ਹੋ ਰਿਹਾ ਅਨਿਆਂ ਆਦਿ ਅੱਠ ਦਿਨ ਲੰਬੀ ਇਸ ਯਾਤਰਾ ਵਿੱਚ ਜੋਰਦਾਰ ਢੰਗ ਨਾਲ ਉਠਏ ਜਾਣਗੇ।
ਅਯੋਜਕਾਂ ਨੇ ਇਨਸਾਫ ਮਾਰਚ ਦਾ ਰੋਜਾਨਾ ਪ੍ਰੋਗਰਾਮ ਵੀ ਜਾਰੀ ਕੀਤਾ ਜੋ ਕਿ ਮਾਲਵਾ ਇਲਾਕੇ ਦੇ ਉਹਨਾਂ ੫੪ ਵੱਡੇ ਪਿੰਡਾਂ ਵਿੱਚੋਂ ਦੀ ਗੁਜਰੇਗਾ ਜੋ ਕਿ ਖੁਦਕੁਸ਼ੀਆਂ ਨਾਲ ਪੀੜਤ ਹਨ। ਉਹਨਾਂ ਕਿਹਾ ਕਿ ਮਾਰਚ ਦਾ ਆਯੋਜਨ ਪੰਜਾਬੀ ਏਕਤਾ ਦੇ ਬੈਨਰ ਹੇਠ ਕੀਤਾ ਜਾਵੇਗਾ ਤਾਂ ਕਿ ਸਾਡੇ ਸੰਵਿਧਾਨ ਵਿੱਚ ਲਿਖੇ ਅਨੁਸਾਰ ਧਰਮ ਨਿਰਪੱਖਤਾ ਦਾ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਫੈਲਾਇਆ ਜਾ ਸਕੇ।
ਖਹਿਰਾ ਨੇ ਕਿਹਾ ਕਿ ਇਹ ਇਨਸਾਫ ਮਾਰਚ ਤਾਕਤ ਦੇ ਗੜ ਪਟਿਆਲਾ ਵਿਖੇ ਇੱਕ ਵੱਡੇ ਜਨਤਕ ਇਕੱਠ ਵਿੱਚ ਤਬਦੀਲ ਹੋ ਜਾਵੇਗਾ ਜਿਥੇ ਕਿ ਸੂਬੇ ਨੂੰ ਬੇਰਹਿਮੀ ਨਾਲ ਲੁੱਟਣ ਵਾਲੇ ਬਾਦਲਾਂ ਦੀ ਤਰਜ਼ ਉੱਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਪੱਖਪਾਤੀ ਅਤੇ ਭ੍ਰਿਸ਼ਟ ਰਾਜ ਦੇ ਖਿਲਾਫ ਪੰਜਾਬ ਭਰ ਦੇ ਲੋਕ ਆਪਣਾ ਗੁੱਸਾ ਅਤੇ ਰੋਹ ਦਿਖਾਉਣਗੇ।
ਇਨਸਾਫ ਮਾਰਚ ਦੇ ਆਯੋਜਕਾਂ ਨੇ ਕਿਹਾ ਕਿ ਪਟਿਆਲਾ ਵਿਖੇ ੧੬ ਦਸੰਬਰ ਦੇ ਆਖਿਰੀ ਦਿਨ ਉਹ ਲੋਕਾਂ ਕੋਲੋਂ ਪੁੱਛਣਗੇ ਕਿ ਕੀ ਅਗਾਮੀ ਲੋਕ ਸਭਾ ੨੦੧੯ ਚੋਣਾਂ ਲੜਣ ਵਾਸਤੇ ਪੰਜਾਬ ਲਈ ਉਹਨਾਂ ਨੂੰ ਇੱਕ ਤੀਸਰਾ ਫਰੰਟ ਚਾਹੀਦਾ ਹੈ? ਉਹਨਾਂ ਕਿਹਾ ਕਿ ਜੇਕਰ ਲੋਕ ਉਹਨਾਂ ਨੂੰ ਇਜਾਜਤ ਦੇਣਗੇ ਤਾਂ ਉਹ ਇੱਕ ਨਵੀਂ ਸਿਆਸੀ ਪਾਰਟੀ ਬਣਾਉਣਗੇ ਅਤੇ ਇੱਕ ਸੋਚ ਵਾਲੀਆਂ ਪਾਰਟੀਆਂ ਅਤੇ ਲੋਕਾਂ ਨਾਲ ਮਹਾ ਗੱਠਜੋੜ ਬਣਾਉਣਗੇ।