ਐਸ.ਏ.ਐਸ.ਨਗਰ, 15 ਨਵੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਨਿੱਠ ਕੇ ਕੰਮ ਕਰ ਰਹੀ ਹੈ ਤੇ ਖੇਡਾਂ ਦੇ ਖੇਤਰ ਵਿਚ ਸੂਬੇ ਨੂੰ ਦੇਸ਼ ਵਿਚੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸੇ ਤਹਿਤ ਹੀ ਪੰਜਾਬ ਸਰਕਾਰ ਵਲੋਂ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਹੈ, ਜੋ ਕਿ ਦੇਸ਼ ਦੀ ਸਰਬੋਤਮ ਖੇਡ ਨੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਡ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਇੱਥੇ ਸੈਕਟਰ-78 ਸਥਿਤ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਸਾਲ 2015-16 ਦੌਰਾਨ ਸੂਬਾਈ, ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ 786 ਖਿਡਾਰੀਆਂ ਨੂੰ 02 ਕਰੋੜ 48 ਲੱਖ 89 ਹਜ਼ਾਰ 900 ਰੁਪਏ ਦੀ ਇਨਾਮੀ ਰਾਸ਼ੀ ਵੰਡਣ ਲਈ ਕਰਵਾਏ ਸੂਬਾ ਪੱਧਰੀ ਸਪੋਰਟਸ ਕੈਸ਼ ਐਵਾਰਡ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਜਿੰਨੀ ਸ਼ਿੱਦਤ ਨਾਲ ਪੰਜਾਬ ਦੇ ਖਿਡਾਰੀ ਮਿਹਨਤ ਕਰ ਰਹੇ ਹਨ, ਓਨੀ ਹੀ ਸ਼ਿੱਦਤ ਨਾਲ ਖੇਡ ਵਿਭਾਗ ਦੇ ਅਧਿਕਾਰੀ ਵੀ ਸੂਬੇ ਵਿਚ ਖੇਡਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਨਵੀਂ ਖੇਡ ਨੀਤੀ ਬਣਾਏ ਜਾਣ ਤੋਂ ਫੌਰੀ ਬਾਅਦ ਹੀ ਏਸ਼ਿਆਈ ਅਤੇ ਰਾਸ਼ਟਰ ਮੰਡਲ ਖੇਡਾਂ ਵਿਚ ਤਗਮੇ ਜਿੱਤਣ ਵਾਲੇ 23 ਖਿਡਾਰੀਆਂ ਨੂੰ 15 ਕਰੋੜ 55 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ 06 ਸਾਲਾਂ ਤੋਂ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਹੀਂ ਦਿੱਤੇ ਗਏ ਤੇ ਇਹ ਐਵਾਰਡ ਵੀ ਦਸੰਬਰ ਜਾਂ ਜਨਵਰੀ ਮਹੀਨੇ ਵਿਚ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿਹੜੇ ਵੀ ਖਿਡਾਰੀਆਂ ਦੀ ਜੋ ਵੀ ਇਨਾਮੀ ਰਾਸ਼ੀ ਬਕਾਇਆ ਹੈ, ਉਹ ਵੀ ਛੇਤੀ ਹੀ ਖਿਡਾਰੀਆਂ ਨੂੰ ਦੇ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਖੇਡਾਂ ਤੇ ਖਿਡਾਰੀ ਹੁਣ ਸੁਰੱਖਿਅਤ ਹੱਥਾਂ ਵਿਚ ਹਨ ਕਿਉਂਕਿ ਉਹ ਖੁਦ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖਿਡਾਰੀ ਰਹੇ ਹਨ। ਇਸ ਕਰ ਕੇ ਉਹ ਖਿਡਾਰੀਆਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀਆਂ ਲੋੜਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਖਿਡਾਰੀਆਂ ਵਾਸਤੇ ਨੌਕਰੀਆਂ ਦੇਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤੇ ਯੋਗ ਖਿਡਾਰੀਆਂ ਨੂੰ ਹਰ ਹਾਲ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਇਹ ਹੁੰਦਾ ਹੈ ਕਿ ਟੀਮ ਗੇਮ ਸਬੰਧੀ ਐਵਾਰਡ ਦੀ ਰਾਸ਼ੀ ਟੀਮ ਦੇ ਸਾਰੇ ਖਿਡਾਰੀਆਂ ਵਿਚਾਲੇ ਵੰਡ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਨੇ ਟੀਮ ਗੇਮਾਂ ਦੇ ਹਰ ਇੱਕ ਮੈਂਬਰ ਨੂੰ ਵੱਖੋ ਵੱਖਰੀ ਇਨਾਮੀ ਰਾਸ਼ੀ ਦਿੱਤੀ ਹੈ, ਜੋ ਕਿ ਆਪਣੇ ਆਪ ਵਿਚ ਨਿਵੇਕਲਾ ਉਪਰਾਲਾ ਹੈ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀ ਖੇਡ ਦੇ ਮੈਦਾਨ ਵਿਚ ਮਿਹਨਤ ਕਰਨ ਵੱਲ ਧਿਆਨ ਦੇਣ। ਉਨ੍ਹਾਂ ਦੀ ਟਰੇਨਿੰਗ, ਨੌਕਰੀਆਂ ਤੇ ਤਰੱਕੀਆਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ, ਜੋ ਕਿ ਹਰ ਹਾਲ ਨਿਭਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ‘ਤੇ ਮੈਡਲ ਜਿੱਤਣ ਲਈ ਆਧੁਨਿਕ ਲੀਹਾਂ ‘ਤੇ ਟਰੇਨਿੰਗ ਵੀ ਕਰਵਾਈ ਜਾਵੇਗੀ, ਜਿਸ ਤਹਿਤ ਖਿਡਾਰੀਆਂ ਨੂੰ ਟਰੇਨਿੰਗ ਵਾਸਤੇ ਵਿਦੇਸ਼ ਵੀ ਭੇਜਿਆ ਜਾਵੇਗਾ ਅਤੇ ਵਿਦੇਸ਼ਾਂ ਦੇ ਕੋਚਾਂ ਨੂੰ ਪੰਜਾਬ ਵਿੱਚ ਵੀ ਟਰੇਨਿੰਗ ਲਈ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਬੇਹਤਰੀ ਲਈ ਮਨੋਵਿਗਿਆਨੀਆਂ ਦੀ ਮਦਦ ਵੀ ਲਈ ਜਾਵੇਗੀ। ਇਸ ਨਾਲ ਇੱਕ ਤਾਂ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਮੁਤਾਬਿਕ ਖੇਡ ਦੀ ਚੋਣ ਕਰਨ ਵਿਚ ਮਦਦ ਮਿਲੇਗੀ ਅਤੇ ਨਾਲ ਹੀ ਉਨ੍ਹਾਂ ਦਾ ਮਨੋਬਲ ਵੀ ਮਜ਼ਬੂਤ ਹੋਵੇਗਾ ਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਬਿਹਤਰ ਹੋਵੇਗਾ। ਖੇਡ ਮੰਤਰੀ ਵਲੋਂ ਸਮਾਗਮ ਦੌਰਾਨ ਹੀ ਈ-ਟਰਾਂਸਫਰ ਰਾਹੀਂ ਖਿਡਾਰੀਆਂ ਦੇ ਖਾਤਿਆਂ ਵਿਚ ਇਨਾਮੀ ਰਾਸ਼ੀ ਟਰਾਂਸਫਰ ਕੀਤੀ ਗਈ।
ਇਸ ਮੌਕੇ ਮੀਡੀਆ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਪੰਜਾਬ ਨੇ ਕਿਹਾ ਕਿ ਸੂਬੇ ਦੀ ਪੁਲਿਸ ਅਤੇ ਸੁਰੱਖਿਆ ਪ੍ਰਬੰਧ ਬਹੁਤ ਮਜ਼ਬੂਤ ਹਨ ਅਤੇ ਸੂਬੇ ਵਿਚ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ ਤੇ ਨਾ ਹੀ ਸੂਬੇ ਦਾ ਮਾਹੌਲ ਖਰਾਬ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਆਪਣੇ ਪੱਧਰ ‘ਤੇ ਵੱਖ ਵੱਖ ਖੇਡ ਅਕੈਡਮੀਆਂ ਚਲਾਉਣ ਵਾਲਿਆਂ ਦੀ ਵੀ ਸ਼ਲਾਘਾ ਕੀਤੀ। ਖੇਡ ਮੰਤਰੀ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੋੜਨ ਤਾਂ ਜੋ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚੀ ਰਹੇ।
ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਜਿੱਥੇ ਹਾਜ਼ਰੀਨ ਦਾ ਮਨੋਰੰਜਨ ਕੀਤਾ, ਉੱਥੇ ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਸਭ ਤੋਂ ਅਹਿਮ ਜ਼ਰੀਆ ਹਨ। ਇਸ ਲਈ ਮਾਪਿਆਂ ਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਬੱਚੇ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੁੜਨ।
ਇਸ ਮੌਕੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ.ਐਸ. ਸਿੱਧੂ, ਵਧੀਕ ਮੁੱਖ ਸਕੱਤਰ (ਖੇਡਾਂ) ਸੰਜੇ ਕੁਮਾਰ, ਡਾਇਰੈਕਟਰ ਖੇਡ ਵਿਭਾਗ ਅੰਮ੍ਰਿਤ ਕੌਰ ਗਿੱਲ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਹਾਇਕ ਡਾਇਰੈਕਟਰ ਖੇਡ ਵਿਭਾਗ ਕਰਤਾਰ ਸਿੰਘ ਅਤੇ ਫਿਲਮ ਅਦਾਕਾਰ ਅਰਸ਼ਦ ਡਾਲੀ ਸਮੇਤ ਵੱਡੀ ਗਿਣਤੀ ਖਿਡਾਰੀ ਅਤੇ ਕੋਚ ਹਾਜ਼ਰ ਸਨ।
ਫੋਟੋ ਕੈਪਸ਼ਨ: ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਐਸ.ਏ.ਐਸ.ਨਗਰ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਐਸ.ਏ.ਐਸ.ਨਗਰ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਇਨਾਮੀ ਰਾਸ਼ੀ ਹਾਸਿਲ ਕਰਨ ਵਾਲੇ ਖਿਡਾਰੀਆਂ ਨਾਲ ਜੇਤੂ ਨਿਸ਼ਾਨ ਬਣਾਉਂਦੇ ਹੋਏ।
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਐਸ.ਏ.ਐਸ.ਨਗਰ ਦੇ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ।
होशियारपुर में चुनावी जनसभा के दौरान केंद्र सरकार पर जमकर बरसे भगवंत मान
होशियारपुर में चुनावी जनसभा के दौरान केंद्र सरकार पर जमकर बरसे भगवंत मान मान ने होशियारपुर से आप प्रत्याशी...