ਮਿਲਾਵਟੀ ਦੇਸੀ ਘੀ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ: ਪੰਨੂੰ

44


* ਸਟੇਟ ਫੂਡ ਲੈਬਸ ਕੀਤੀਆਂ ਜੀ.ਸੀ ਮਸ਼ੀਨਾਂ ਨਾਲ ਲੈਸ
* ਕਮਿਸ਼ਨਰ ਨੇ ਮਿਲਾਵਟੀ ਦੇਸੀ ਘੀ ਉਤਪਾਦਕਾਂ ਅਤੇ ਵਿਕਰੇਤਾਵਾਂ ਨੂੰ ਦਿੱਤੀ ਚੇਤਾਵਨੀ

ਚੰਡੀਗੜ, 2 ਨਵੰਬਰ (ਵਿਸ਼ਵ ਵਾਰਤਾ)- ਮਿਲਾਵਟੀ ਦੇਸੀ ਘੀ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਖਰੜ ਅਤੇ ਮੋਹਾਲੀ ਸਥਿਤ ਫੂਡ ਸੇਫਟੀ ਲੈਬਜ਼ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਜੀ.ਸੀ ਮਸ਼ੀਨਾਂ ਸਥਾਪਿਤ ਕਰ ਦਿੱਤੀਆਂ ਹਨ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ ਪੰਨੂੰ ਨੇ ਦਿੱਤੀ।
ਪੰਨੂੰ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਵਿਚੋਂ ਵੱਡੇ ਪੱਧਰ ‘ਤੇ ਫੈਟੀ ਐਸਿਡ ਈਸਟਰ ਅਤੇ ਦੇਸੀ ਘੀ ਦੇ ਨਕਲੀ ਫਲੇਵਰ ਜ਼ਬਤ ਕੀਤੇ ਗਏ ਸਨ ਜਿਸ ਕਾਰਨ ਫੂਡ ਸੇਫਟੀ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਹਨਾਂ ਦੀ ਦੁਰਵਰਤੋਂ ਕਰਕੇ ਨਕਲੀ ਦੇਸੀ ਘੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਪਹਿਲਾਂ ਵਾਲੀਆਂ ਲੈਬਾਂ ਦੇ ਉਪਕਰਨ ਇਸ ਸਬੰਧੀ ਜਾਂਚ ਕਰਨ ਵਿਚ ਅਸਮਰਥ ਸਨ। ਇਥੇ ਇਹ ਦਸਣਯੋਗ ਹੈ ਕਿ ਪਹਿਲਾਂ ਵਾਲੀਆਂ ਮਸ਼ੀਨਾਂ ਦੇਸੀ ਘੀ ਦੀ ਜਾਂਚ ਆਰ.ਐਮ. ਦੇ ਆਧਾਰ ‘ਤੇ ਕਰਦੀਆਂ ਸਨ ਜੋ  ਫੈਟੀ ਐਸਿਡ ਈਸਟਰ ਨਾਲ ਵੱਧ ਜਾਂਦੀ ਸੀ ਜਿਸ ਨਾਲ ਮਿਲਾਵਟਖੋਰ ਫੂਡ ਸੇਫਟੀ ਡਿਪਾਰਟਮੈਂਟ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਿਚ ਸਫ਼ਲ ਹੋ ਜਾਂਦੇ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਫੈਟੀ ਐਸਿਡ ਈਸਟਰ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ ਜਿਸ ਨੂੰ ਆਰ.ਐਮ. ਪੱਧਰ ਵਧਾਉਣ ਲਈ ਹਾਈਡ੍ਰੋਜਨੇਟਿਡ ਬਨਸਪਤੀ ਤੇਲ ਨਾਲ ਮਿਲਾਇਆ ਜਾਂਦਾ ਹੈ ਅਤੇ ਇਹਨਾਂ ਨਾਲ ਤਿਆਰ ਕੀਤੇ ਪਦਾਰਥ ਨੂੰ ਦੇਸੀ ਘੀ ਵਜੋਂ ਦੁਕਾਨਾਂ ‘ਤੇ ਵੇਚਿਆ ਜਾਂਦਾ ਹੈ। ਇਹ ਮਿਲਾਵਟੀ ਹਾਈਡ੍ਰੋਜਿਨੇਟਿਡ ਤੇਲ ਦੇਖਣ ਅਤੇ ਸੁਆਦ ਦੇ ਤੌਰ ‘ਤੇ ਬਿਲਕੁਲ ਸ਼ੁੱਧ ਦੇਸੀ ਘੀ ਦੀ ਤਰ•ਾਂ ਲੱਗਦਾ ਹੈ ਅਤੇ ਇਹ ਮਿਲਾਵਟੀ ਦੇਸੀ ਘੀ ਅਸਲੀ ਦੇਸੀ ਘੀ ਦੇ ਕਿਸੇ ਵੀ ਮਾਪਦੰਡਾਂ ‘ਤੇ ਖਰਾ ਨਹੀਂ ਉੱਤਰਦਾ ਫਿਰ ਵੀ ਇਹ ਦੇਸੀ ਘੀ ਦੀ ਕੀਮਤ ਤੋਂ ਲਗਭਗ ਅੱਧੇ ਮੁੱਲ ਤੇ ਵੇਚਿਆ ਜਾਂਦਾ ਹੈ। ਅਜਿਹੇ ਮਿਲਾਵਟੀ ਦੇਸੀ ਘੀ ਦੇ ਉਤਪਾਦਕ ਲੋਕਾਂ ਅਤੇ ਫੂਡ ਸੇਫਟੀ ਅਫਸਰਾਂ ਨੂੰ ਗੁੰਮਰਾਹ ਕਰਨ ਲਈ ਇਸ ਦੀ ਪੈਕਿੰਗ œ’ਤੇ ਛੋਟੇ ਅੱਖਰਾਂ ਵਿੱਚ ‘ਲਾਇਟ ਘੀ’ ਜਾਂ ‘ਪੂਜਾ ਘੀ’ ਦਾ ਲੇਬਲ ਲਗਾ ਦਿੰਦੇ ਹਨ।
ਉਹਨਾਂ ਦੱਸਿਆ ਕਿ ਰਾਜ ਸਰਕਾਰ ਨੇ ਦੇਸੀ ਘੀ ਦੇ ਇਸ ਗੋਰਖਧੰਦੇ ਨੂੰ ਨੱਥ ਪਾਉਣ ਦੇ ਮਕਸਦ ਨਾਲ ਪਹਿਲ ਦੇ ਆਧਾਰ ‘ਤੇ ਜਰੂਰੀ ਮਸ਼ੀਨਰੀ ਖਰੀਦੀ ਗਈ ਅਤੇ ਨਾਲ ਹੀ ਇਸ ਅਮਲ ਵਿਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹਨਾਂ ਖਿਲਾਫ ਬਣਦੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸ੍ਰੀ ਪੰਨੂੰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਭਾਗ ਵਲੋਂ ਅਜਿਹਾ ਮਿਲਾਵਟੀ ਦੇਸੀ ਘੀ ਵੇਚਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਲੋੜ ਪੈਣ ‘ਤੇ ਅਜਿਹੀਆਂ ਯੂਨਿਟਾਂ ਨੂੰ ਬੰਦ ਵੀ ਕਰ ਦਿੱਤਾ ਜਾਵੇਗਾ। ਉਹਨਾਂ ਅਜਿਹੇ ਮਿਲਾਵਟੀ ਪਦਾਰਥਾਂ ਨੂੰ ਵੇਚਣ ਜਾਂ ਸਟੋਰ ਕਰਨ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਜ਼ ਐਕਟ 2006 ਤਹਿਤ ਅਜਿਹੀ ਕਾਰਵਾਈ ਕਰਨ ਲਈ ਦੁਕਾਨਦਾਰ ਨੂੰ ਵੀ ਸਹਿਦੋਸ਼ੀ ਸਮਝਿਆ ਜਾਵੇਗਾ।