ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਕਿਸਾਨ ਜਥੇਬੰਦੀ ਵੱਲੋਂ ਭਲਕੇ ਸੀਸੀਆਈ ਦਾ ਦਫ਼ਤਰ ਘੇਰਨ ਦਾ ਐਲਾਨ

32

ਮਾਨਸਾ, 5 ਅਕਤੂਬਰ (ਵਿਸ਼ਵ ਵਾਰਤਾ)- ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਅਤੇ ਝੋਨੇ ਦੀ ਪਰਾਲੀ ਦੇ ਮਸਲੇ ਨੂੰ ਲੈਕੇ ਸੰਘਰਸ਼ ਦੇ ਮੈਦਾਨ ਵਿੱਚ ਉਤਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਪੱਧਰੀ ਸੰਘਰਸ਼ ਦੀ ਸ਼ੁਰੂਆਤ 6 ਅਕਤੂਬਰ ਨੂੰ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦੇ ਬਠਿੰਡਾ ਸਥਿਤ ਕੇਂਦਰੀ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਵੱਲੋਂ ਝੋਨੇ ਦੀ ਪਰਾਲੀ ਸਬੰਧੀ ਮਸਲੇ ਦੇ ਹੱਲ ਵਾਸਤੇ 13 ਅਕਤੂਬਰ ਨੂੰ ਪੰਜਾਬ ਪੱਧਰਾ ਇੱਕਠ ਬਰਨਾਲਾ ਵਿਖੇ ਸੱਦਿਆ ਗਿਆ ਹੈ, ਜਿਸ ਦੀਆਂ ਤਿਆਰੀਆਂ ਮਾਨਸਾ ਜ਼ਿਲ੍ਹੇ ਵਿੱਚ ਵੱਡੀ ਪੱਧਰ *ਤੇ ਸ਼ੁਰੂ ਹੋ ਗਈਆਂ ਹਨ। ਪਹਿਲੇ ਪੜਾਅ ਵਿੱਚ ਅੱਜ ਜਥੇਬੰਦੀ ਦੇ ਸਰਗਰਮ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਹੋਈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਨਰਮੇ ਦੇ ਰੇਟ ਵਿੱਚ 1000 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਤਾਂ ਕੀਤਾ ਹੈ, ਪਰ ਤੈਅ ਕੀਤੇ ਰੇਟ *ਤੇ ਨਰਮੇ ਦੀ ਖਰੀਦ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰੀ ਰੇਟ ਮੁਤਾਬਿਕ 5450 ਰੁਪਏ ਵਿਕਣ ਵਾਲਾ ਨਰਮਾ 4500, 4600 ਰੁਪਏ ਕਿਸਾਨਾਂ ਕੋਲੋ ਲੁੱਟਿਆ ਜਾ ਰਿਹਾ ਹੈ, ਜਦੋਂ ਕਿ ਅਜੇ ਤੱਕ ਸੀ.ਸੀ.ਆਈ. ਦੇ ਇੰਸਪੈਕਟਰ ਨਰਮੇ ਦੀ ਸਰਕਾਰੀ ਖਰੀਦ ਲਈ ਮੰਡੀਆਂ ਵਿੱਚ ਦਾਖਲ ਨਹੀਂ ਹੋਏ, ਜਿਸ ਦਾ ਲਾਹਾ ਲੈਂਦਿਆਂ ਪ੍ਰਾਈਵੇਟ ਵਪਾਰੀ ਮਨ ਮਰਜੀ ਦਾ ਰੇਟ ਲਗਾ ਕੇ ਨਰਮਾ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਸ਼ੁਰੂ ਕਰਵਾਉਂਣ ਦੀ ਮੰਗ ਨੂੰ ਲੈਕੇ 6 ਤਾਰੀਖ ਨੂੰ ਬਠਿੰਡਾ ਦੇ ਸੀ.ਸੀ.ਆਈ. ਦਫ਼ਤਰ ਅੱਗੇ ਧਰਨਾ ਦੇਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ, ਉੱਥੇ ਪਰਾਲੀ ਦੇ ਮਸਲੇ *ਤੇ ਸਰਕਾਰ ਨੂੰ ਚਿਤਾਵਨੀ ਦੇਣ ਲਈ ਬਰਨਾਲਾ ਵਿੱਚ ਕਿਸਾਨਾਂ ਦਾ ਗੁੱਸਾ ਸਰਕਾਰ ਨੂੰ ਦਿਖਾਇਆ ਜਾਵੇਗਾ।
ਜਥੇਬੰਦੀ ਦੇ ਆਗੂ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਜੇਕਰ ਅੱਗ ਤੋਂ ਸਵਾਏ ਅਜੇ ਤੱਕ ਕੋਈ ਬਦਲਵਾਂ ਪ੍ਰਬੰਧ ਹੋ ਨਹੀ ਸਕਿਆ, ਬਦਲਵੇਂ ਪ੍ਰਬੰਧ ਲਈ ਸਰਕਾਰ ਇਨਾਮ ਰੱਖ ਰਹੀ ਹੈ ਤਾਂ ਫਿਰ ਕਿਸਾਨਾਂ ਨੂੰ ਕਿਹੜੇ ਮੂੰਹ ਨਾਲ ਕਹਿ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਵੋ। ਉਨ੍ਹਾਂ ਕਿਹਾ ਕਿ ਜਥੇਬੰਦੀ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੀ ਹੈ ਕਿ 200 ਰੁਪਏ ਪ੍ਰਤੀ ਕੁਇੰਟਲ ਝੋਨੇ *ਤੇ ਬੋਨਸ ਦੇਵੇ ਅਤੇ ਪਰਾਲੀ ਰੱਖਣ ਲਈ ਖੇਤਾਂ ਨੇੜੇ ਕੋਈ ਜਗ੍ਹਾ ਤੈਅ ਕੀਤੀ ਜਾਵੇ ਤਾਂ ਕੋਈ ਕਿਸਾਨ ਅੱਗ ਨਹੀਂ ਲਾਵੇਗਾ। ਉਨ੍ਹਾਂ ਪਰਾਲੀ ਦੇ ਮਸਲੇ ਨੂੰ ਪਿੰਡਾਂ ਵਿੱਚ ਰੈਲੀਆਂ ਕਰਾਉਣ ਦਾ ਵੀ ਫੈਸਲਾ ਕੀਤਾ।
ਇਸ ਮੌਕੇ ਮੀਟਿੰਗ ਵਿਚ ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰ, ਜਗਦੇਵ ਸਿੰਘ ਭੈਣੀਬਾਘਾ, ਸੁੱਖਾ ਸਿੰਘ ਗੋਰਖਨਾਥ, ਮਲਕੀਤ ਸਿੰਘ ਕੋਟਧਰਮੂ, ਚਾਨਣ ਸਿੰਘ ਜਟਾਣਾ, ਭੋਲਾ ਸਿੰਘ ਮਾਖਾ, ਮੇਜਰ ਸਿੰਘ ਗੋਬਿੰਦਪੁਰਾ, ਭਾਨ ਸਿੰਘ ਬਰਨਾਲਾ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 05
ਫੋਟੋ ਕੈਪਸ਼ਨ: ਮਾਨਸਾ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਇਕ ਆਗੂ।