ਬੋਹਾ (ਮਾਨਸਾ), 25 ਅਗਸਤ (ਵਿਸ਼ਵ ਵਾਰਤਾ)- ਛੋਟੀ ਕਿਸਾਨੀਂ ਦੇ ਪਰਿਵਾਰ ਨਾਲ ਜੁੜੇ ਮਾਨਸਾ ਜ਼ਿਲ੍ਹੇ ਦੇ ਦੋ ਵੱਖ—ਵੱਖ ਪਿੰਡਾਂ ਦੇ ਪੁੱਤਾਂ ਨੇ ਨਾਲ ਹੀ ਬੋਹਾ ਨੇੜਲੇ ਪਿੰਡ ਕਾਸਮਪੁਰ ਛੀਨਾ ਦੀ ਜੰਮਪਲ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਨੇ ਦੇਸ਼ ਲਈ ਏਸ਼ਿਆਈ ਖੇਡਾਂ ਵਿਚੋਂ ਚਾਂਦੀ ਦਾ ਤਗਮਾ ਦਿਵਾਇਆ ਹੈ। ਉਹ ਪਹਿਲੀ ਅਜਿਹੀ ਪੰਜਾਬੀ ਖਿਡਾਰਨ ਹੈ, ਜਿਸ ਨੇ ਦੇਸ਼ ਲਈ ਚਾਂਦੀ ਦਾ ਤਗਮਾ ਦਿਵਾਉਣ ਦੇ ਵਿਚ ਚੰਗੀ ਭੂਮਿਕਾ ਨਿਭਾਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਮੁਲਕ ਨੂੰ ਸੋਨੇ ਦਾ ਤਗਮਾ ਹਾਸਲ ਕਰਨ ਵਾਲੇ ਪੁਰਸ਼ਾਂ ਦੀ ਰੋਇੰਗ ਟੀਮ ਵਿਚ ਸ਼ਾਮਲ ਸਵਰਨ ਸਿੰਘ ਵਿਰਕ ਅਤੇ ਸੁਖਮੀਤ ਸਿੰਘ ਨੂੰ ਅਜਿਹਾ ਮਾਣ ਹਾਸਲ ਹੋਇਆ ਹੈ। ਇਹ ਲੜਕੀ ਦਾ ਪਿੰਡ ਬੋਹਾ ਨੇੜੇ ਕਾਸਮਪੁਰ ਛੀਨਾ ਹੈ, ਪਰ ਇਸ ਦੀ ਖੇਡ ਨੂੰ ਵੇਖਦਿਆਂ ਜਦੋਂ ਪੰਜਾਬ ਦੀ ਸਰਕਾਰ ਤੋਂ ਮੁੱਲ ਨਾ ਪਿਆ ਤਾਂ ਇਸ ਨੇ ਅੱਕ—ਥੱਕ ਕੇ ਰਾਜਸਥਾਨ ਵੱਲੋਂ ਖੇਡਣ ਦਾ ਨਿਰਣਾ ਲੈ ਲਿਆ ਸੀ ਅਤੇ ਅੱਜ ਕੱਲ੍ਹ ਇਹ ਰਾਜਸਥਾਨ ਪੁਲੀਸ ਵਿਚ ਸਬ—ਇੰਸਪੈਕਟਰ ਵੱਜੋ ਤਾਇਨਾਤ ਹੈ ਅਤੇ ਭਾਰਤੀ ਕਬੱਡੀ ਟੀਮ ਦੀ ਖਿਡਾਰਨ ਹੈ।
ਭਾਰਤੀ ਟੀਮ ਦੀਆਂ ਜਾਈਂਆਂ ਬੇਸ਼ੱਕ ਫਾਈਨਲ ਮੈਚ ਵਿਚ ਇਰਾਨ ਹੱਥੋਂ 27 ਦੇ ਮੁਕਾਬਲੇ 24 ਪੁਆਇੰਟਾਂ ਨਾਲ ਹਾਰ ਗਈਆਂ, ਪਰ ਮਨਪ੍ਰੀਤ ਕੌਰ ਵਰਗੀਆਂ ਭਾਰਤੀ ਖਿਡਾਰਨਾਂ ਦਾ ਫਾਈਨਲ ਮੈਚ ਜਿੱਤਣ ਲਈ, ਜੋ ਜ਼ੋਰ ਲੱਗਿਆ, ਉਹ ਦੇਖਣ ਵਾਲੇ ਹੀ ਜਾਣਦੇ ਹਨ, ਪਰ ਇਸ ਭਾਰਤੀ ਮੁਟਿਆਰ ਦੀ ਛੋਹਲੀ ਖੇਡ ਸਦਕਾ ਮਿਲੇ ਦੇਸ਼ ਲਈ ਮਿਲੇ ਚਾਂਦੀ ਦੇ ਤਗਮੇ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।
ਦਿਲਚਸਪ ਗੱਲ ਹੈ ਕਿ ਪੰਜਾਬ ਵਿਚ ਜਦੋਂ ਅਕਾਲੀ—ਭਾਜਪਾ ਸਰਕਾਰ ਦੌਰਾਨ ਕਬੱਡੀ ਨੂੰ ਵਿਸ਼ਵ ਪੱਧਰ *ਤੇ ਪ੍ਰਫੁੱਲਿਤ ਕਰਨ ਲਈ ਮੁਕਾਬਲੇ ਕਰਵਾਏ ਜਾਣ ਲੱਗੇ ਤਾਂ ਉਸ ਵੇਲੇ ਮਨਪ੍ਰੀਤ ਕੌਰ ਵੱਲੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਪੱਧਰ *ਤੇ ਆਪਣੀ ਟੀਮ ਲਈ ਜਿੱਤਾਂ ਹਾਸਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਕੁੜੀ ਮਾਲਵੇ ਦੇ ਵਿੱਦਿਅਕ ਖੇਡ ਮੁਕਾਬਲਿਆਂ ਦਾ ਸ਼ਿੰਗਾਰ ਬਣਨ ਲੱਗੀ ਸੀ। ਭਾਵੇਂ ਇਸ ਦੀ ਖੇਡ ਤੋਂ ਪ੍ਰਭਾਵਿਤ ਹੋਕੇ ਅਨੇਕਾਂ ਲੋਕਾਂ ਨੇ ਇਸ ਨੂੰ ਪੰਜਾਬ ਪੁਲੀਸ ਵਿਚ ਭਰਤੀ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਹ ਵਾਅਦੇ ਜਦੋਂ ਸਮੇਂ ਸਿਰ ਸੰਪੂਰਨ ਨਾ ਹੋਏ ਤਾਂ ਇਸ ਕੁੜੀ ਨੇ ਸਮਾਂ ਲੰਘਣ ਤੋਂ ਪਹਿਲਾਂ ਹੀ ਰਾਜਸਥਾਨ ਵਿਚ ਨੌਕਰੀ ਲਈ ਹਾਮੀਂ ਭਰ ਦਿੱਤੀ ਗਈ ਅਤੇ ਅੱਜ ਕੱਲ੍ਹ ਇਹ ਰਾਜਸਥਾਨ ਪੁਲੀਸ ਵਿਚ ਨੌਕਰੀ ਕਰਨ ਦੇ ਨਾਲ—ਨਾਲ ਉਸ ਸੂਬੇ ਦੀ ਟੀਮ ਵੱਲੋਂ ਖੇਡਦੀ ਹੈ।
ਖਿਡਾਰਨ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਦੇਸ਼ ਦੀ ਟੀਮ ਫਾਈਨਲ ਮੁਕਾਬਲੇ ’ਚੋਂ ਸੋਨੇ ਦਾ ਤਗਮਾ ਜਿੱਤਣ ਦੀ ਬਿਜਾਏ ਚਾਂਦੀ ਦਾ ਤਗਮਾ ਜਿੱਤ ਸਕੀ, ਪਰ ਇਹ ਪ੍ਰਾਪਤੀ ਵੀ ਦੇਸ਼ ਲਈ ਵੱਡੇ ਮਾਣ ਵਾਲੀ ਗੱਲ ਹੈ, ਜਿਸ ਤੋਂ ਭਾਰਤੀ ਜਾਈਂਆਂ ਬੜਾ ਵੱਡਾ ਸਬਕ ਸਿੱਖਣਗੀਆਂ।
ਦਿਲਚਸਪ ਗੱਲ ਹੈ ਕਿ ਇਹ ਪਰਿਵਾਰ ਭਾਵੇਂ ਅੱਜ ਕੱਲ੍ਹ ਜ਼ਿਲ੍ਹੇ ਦੇ ਪਿੰਡ ਕਾਸਮਪੁਰ ਛੀਨਾ ਵਿਖੇ ਨਹੀਂ ਰਹਿੰਦਾ ਹੈ, ਪਰ ਇਸ ਦੀ ਪ੍ਰਾਪਤੀ ਲਈ ਇਲਾਕੇ ਦੇ ਲੋਕਾਂ ਵੱਲੋਂ ਚਾਅ ਨਹੀਂ ਚੱਕਿਆ ਜਾਂਦਾ ਹੈ।
ਫੋਟੋ ਕੈਪਸ਼ਨ: ਕਬੱਡੀ ਖਿਡਾਰਨ ਮਨਪ੍ਰੀਤ ਕੌਰ।