ਮੁੱਖ ਮੰਤਰੀ ਵੱਲੋਂ ਗੁਰਦਾ ਰੋਗਾਂ ਦੇ ਉੱਘੇ ਮਾਹਿਰ ਡਾ. ਕੇ.ਐਸ. ਚੁੱਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

768


ਚੰਡੀਗੜ੍ਹ, 18 ਸਤੰਬਰ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾ ਰੋਗਾਂ ਦੇ ਉੱਘੇ ਮਾਹਿਰ ਡਾ. ਕ੍ਰਿਪਾਲ ਸਿੰਘ ਚੁੱਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਨੂੰ ਭਾਰਤ ਵਿੱਚ ਗੁਰਦਾ ਰੋਗਾਂ ਦਾ ਨਵੀਨਤਮ ਢੰਗ ਨਾਲ ਇਲਾਜ ਕਰਨ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਕੈਂਸਰ ਰੋਗ ਤੋਂ ਪੀੜਤ ਡਾ. ਚੁੱਘ 85 ਵਰ੍ਹਿਆਂ ਦੀ ਉਮਰ ਵਿੱਚ ਐਤਵਾਰ ਨੂੰ ਸਦੀਵੀ ਵਿਛੋੜਾ ਦੇ ਗਏ।
ਮੁੱਖ ਮੰਤਰੀ ਨੇ ਇਕ ਸ਼ੋਕ ਸੰਦੇਸ਼ ਰਾਹੀਂ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਡਾ. ਚੁੱਘ ਨੂੰ ਪ੍ਰਸਿੱਧ ਅਧਿਆਪਕ, ਖੋਜਕਾਰ ਅਤੇ ਡਾਕਟਰ ਹੋਣ ਦੇ ਨਾਲ-ਨਾਲ ਅਨੋਖੀ ਸ਼ਖ਼ਸੀਅਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਲਮੀ ਪੱਧਰ ‘ਤੇ ਗੁਰਦਾ ਰੋਗਾਂ ਦੇ ਇਲਾਜ ਵਿੱਚ ਪਾਏ ਯੋਗਦਾਨ ਸਦਕਾ ਡਾ. ਚੁੱਘ ਮੈਡੀਸਨ ਦੇ ਖੇਤਰ ਵਿੱਚ ਇਕ ਮਿਸਾਲ ਬਣ ਕੇ ਉੱਭਰੇ ਹਨ।
ਮੈਡੀਕਲ ਖੇਤਰ ਵਿੱਚ ਆਪਣੇ ਛੇ ਦਹਾਕਿਆਂ ਦੇ ਸਮੇਂ ਦੌਰਾਨ ਪਦਮ ਸ਼੍ਰੀ ਡਾ. ਚੁੱਘ ਵੱਲੋਂ ਹਾਸਲ ਕੀਤੇ ਵੱਖ-ਵੱਖ ਕੌਮੀ ਤੇ ਕੌਮਾਂਤਰੀ ਐਵਾਰਡਾਂ ਅਤੇ ਹੋਰ ਸਨਮਾਨਾਂ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਮਵਰ ਸ਼ਖ਼ਸੀਅਤ ਦੇ ਤੁਰ ਜਾਣ ਨਾਲ ਮੈਡੀਕਲ ਖੇਤਰ ਵਿੱਚ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਪੂਰਨਾ ਬਹੁਤ ਮੁਸ਼ਕਲ ਹੈ।