ਪੰਜਾਬ ਤੇ ਪੰਜਾਬੀਆਂ ਨੂੰ ਭੱਠੀ ‘ਚ ਝੋਕਣ ਲਈ ਕਾਂਗਰਸ, ਅਕਾਲੀ ਦਲ ਤੇ ਭਾਜਪਾ ਬਰਾਬਰ ਜ਼ਿੰਮੇਵਾਰ-ਡਾ. ਬਲਬੀਰ ਸਿੰਘ
ਚੰਡੀਗੜ੍ਹ, 28 ਜੂਨ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਉੱਪਰ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਨਾ ਕਰਨ ਸਗੋਂ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਹਨਾਂ ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ‘ਚ ਸੁੱਟ ਕੇ ਇਹਨਾਂ ਨਜ਼ਰਬੰਦਾਂ ਅਤੇ ਇਹਨਾਂ ਦੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ‘ਤੇ ਪਸ਼ਚਾਤਾਪ ਕਰਦੇ ਹੋਏ ਇਹਨਾਂ ਸਮੇਤ ਸਮੁੱਚੇ ਪੰਜਾਬੀਆਂ ਤੋਂ ਮੁਆਫ਼ੀ ਮੰਗਣ।
‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਮਾਲਵਾ ਜ਼ੋਨ-1 ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ, ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋਧਪੁਰ ਜੇਲ੍ਹ ਦੇ ਇਹਨਾਂ ਬੇਕਸੂਰ ਨਜ਼ਰਬੰਦ ਪੰਜਾਬੀਆਂ ਸੰਬੰਧੀ ਅਦਾਲਤ ਵੱਲੋਂ ਕਰੀਬ ਤਿੰਨ ਦਹਾਕਿਆਂ ਦੀ ਦੇਰੀ ਉਪਰੰਤ ਸੁਣਾਏ ਦਰੁਸਤ ਫ਼ੈਸਲੇ ਦਾ ਤਾਂ ਸਵਾਗਤ ਕਰਦੀ ਹੈ, ਪਰੰਤੂ ਇਹਨਾਂ ਨਜ਼ਰਬੰਦਾਂ ਨੂੰ ਅਦਾਲਤ ਵੱਲੋਂ ਮੁਆਵਜ਼ਾ ਦੇਣ ਸੰਬੰਧੀ ਕਾਂਗਰਸ ਅਤੇ ਅਕਾਲੀ-ਭਾਜਪਾ ਆਪਣੇ-ਆਪਣੇ ਸਿਆਸੀ ਦਾਅ ਮਾਰ ਰਹੀਆਂ ਹਨ, ਜਦੋਂਕਿ ਇਹ ਰਿਵਾਇਤੀ ਪਾਰਟੀਆਂ ਪੰਜਾਬ ਅਤੇ ਪੰਜਾਬੀਆਂ ਨੂੰ ਇਸ ਕਦਰ ਭੱਠੀ ਵਿਚ ਝੋਕਣ ਵਾਲੀ ਆਪਣੀ ਭੂਮਿਕਾ ਤੋਂ ਕਦੇ ਵੀ ਮੁਨਕਰ ਨਹੀਂ ਹੋ ਸਕਦੀਆਂ, ਜੋ ਇਤਿਹਾਸ ਦੇ ਕਾਲੇ ਪੰਨਿਆਂ ‘ਚ ਦਰਜ਼ ਹੋ ਚੁੱਕੀ ਹੈ।
ਡਾ. ਬਲਬੀਰ ਸਿੰਘ ਦੀ ਅਗਵਾਈ ‘ਚ ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਹਨਾਂ ਨਜ਼ਰਬੰਦਾਂ ਅਤੇ ਇਹਨਾਂ ਦੇ ਪਰਿਵਾਰਾਂ ਪ੍ਰਤੀ ਇੰਨੇ ਹੀ ਸੁਹਿਰਦ ਹੁੰਦੇ ਤਾਂ ਅਦਾਲਤੀ ਡੰਡੇ ਤੋਂ ਪਹਿਲਾਂ 2002 ਤੋਂ 2007 ਦੌਰਾਨ ਇਹਨਾਂ ਬੇਕਸੂਰ ਨਜ਼ਰਬੰਦਾਂ ਦੇ ਜ਼ਖ਼ਮਾਂ ‘ਤੇ ਮਲ੍ਹਮ ਲਗਾ ਸਕਦੇ ਸੀ, ਪਰੰਤੂ ਉਨ੍ਹਾਂ ਪੰਜ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਕਿਸੇ ਬੇਕਸੂਰ ਦੀ ਫ਼ਰਿਆਦ ਨਹੀਂ ਸੁਣੀ।
‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਅਜਿਹੇ ਹਰੇਕ ਬੇਕਸੂਰ ਪੰਜਾਬ ਨੂੰ ਇਨਸਾਫ਼ ਅਤੇ ਮੁਆਵਜ਼ੇ ਦਿੰਦੇ ਤਾਂ ਉਹ ਸੱਚਮੁੱਚ ਤਾਰੀਫ਼ ਦੇ ਕਾਬਲ ਹੁੰਦੇ ਪਰੰਤੂ ਅੱਜ ਅਦਾਲਤੀ ਫ਼ਰਮਾਨ ‘ਤੇ ਫ਼ੁਲ ਚੜ੍ਹਾ ਕੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਨਜ਼ਰਬੰਦਾਂ, ਇਹਨਾਂ ਦੇ ਪਰਿਵਾਰਾਂ, ਪੰਥ ਅਤੇ ਪੰਜਾਬੀ ਕੌਮ ‘ਤੇ ਕੋਈ ਅਹਿਸਾਨ ਨਹੀਂ ਕਰ ਰਹੇ।
‘ਆਪ’ ਆਗੂਆਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ (ਅਪਰੇਸ਼ਨ ਬਲਿਊ ਸਟਾਰ) ਤੋਂ ਪਹਿਲਾਂ ਅਤੇ ਬਾਅਦ ‘ਚ ਜੋ ਸਥਿਤੀ ਪੈਦਾ ਹੋਈ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਸ ਦਾ ਆਰਥਿਕ, ਸਮਾਜਿਕ ਅਤੇ ਧਾਰਮਿਕ ਪੱਧਰ ‘ਤੇ ਅੱਜ ਤੱਕ ਸੰਤਾਪ ਭੋਗ ਰਹੀ ਹੈ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਕਾਲੇ ਇਤਿਹਾਸ ਲਈ ਸਿੱਧੇ ਤੌਰ ‘ਤੇ ਬਰਾਬਰ ਜ਼ਿੰਮੇਵਾਰ ਹਨ। ਵੱਖ-ਵੱਖ ਲੇਖਕਾਂ, ਪੱਤਰਕਾਰਾਂ ਅਤੇ ਸੇਵਾਮੁਕਤ ਅਫ਼ਸਰਾਂ ਵੱਲੋਂ ਪੰਜਾਬ ਦੇ ਉਸ ਕਾਲੇ ਦੌਰ ‘ਤੇ ਲਿਖੀ ਗਈ ਦਸਤਾਵੇਜ਼ੀ ਤਵਾਰਿਖ਼ ਬਾਦਲ-ਕੈਪਟਨ ਸਮੇਤ ਇਹਨਾਂ ਰਵਾਇਤੀ ਪਾਰਟੀਆਂ ਵੱਲੋਂ ਨਿਭਾਈ ਗਈ ਭੂਮਿਕਾ ਦਾ ਕੱਚਾ ਚਿੱਠਾ ਖੋਲ੍ਹਦੀ ਹੈ।
‘ਆਪ’ ਆਗੂਆਂ ਨੇ ਜੋਧਪੁਰ ਦੇ ਨਜ਼ਰਬੰਦਾਂ ਲਈ ਅਦਾਲਤ ਵੱਲੋਂ ਐਲਾਨਿਆ ਗਿਆ ਮੁਆਵਜ਼ਾ ਦੇਣ ਤੋਂ ਭੱਜੀ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੇਂਦਰ ‘ਚ ਭਾਈਵਾਲ ਅਕਾਲੀ ਦਲ (ਬਾਦਲ) ਨਾਲ ਸੰਬੰਧਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ। ‘ਆਪ’ ਆਗੂਆਂ ਨੇ ਕਿਹਾ ਚੰਗਾ ਹੁੰਦਾ ਅਕਾਲ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਦਾ ਕੁਰਸੀ ਮੋਹ ਤਿਆਗ ਕੇ ਹਰਸਿਮਰਤ ਕੌਰ ਬਾਦਲ ਤੋਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦਿਵਾ ਕੇ ਮੋਦੀ ਸਰਕਾਰ ਉੱਤੇ ਪੰਜਾਬ ਅਤੇ ਪੰਜਾਬੀਆਂ ਦੇ ਲਟਕਦੇ ਮਸਲਿਆਂ ਅਤੇ ਮੰਗਾਂ ਨੂੰ ਮਨਵਾਉਣ ਲਈ ਉਸੇ ਤਰ੍ਹਾਂ ਦਬਾਅ ਬਣਾਉਂਦੇ ਜਿਵੇਂ ਤੇਲਗੂ ਦੇਸਮ ਤੇ ਟੀ.ਆਰ.ਐਸ. ਵਰਗੀਆਂ ਖੇਤਰੀ ਪਾਰਟੀਆਂ ਨੇ ਭਾਜਪਾ ਨਾਲ ਸਿਆਸੀ ਭਿਆਲੀ ਛੱਡ ਕੇ ਆਪਣੇ-ਆਪਣੇ ਸੂਬੇ ਦੇ ਹਿਤਾਂ ਲਈ ਪਹਿਰਾ ਦਿੱਤਾ।