– ਦੋਸ਼ੀਆਂ ਪਾਸੋਂ ਵਾਰਦਾਤ ਵਿਚ ਵਰਤੀ ਗਈ ਆਈ ਟਵੰਟੀ ਕਾਰ ਅਤੇ ਟਰੈਕਟਰ ਟਰਾਲੀ ਵੀ ਕੀਤੀ ਬਰਾਮਦ
ਐਸ.ਏ.ਐਸ.ਨਗਰ, 20 ਜੂਨ (ਵਿਸ਼ਵ ਵਾਰਤਾ)- ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਦੇ ਮੀਟਿੰਗ ਹਾਲ ਵਿਚ ਸੱਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਹਾਲੀ ਪੁਲਿਸ ਨੇ ਸੂੰਕ ਨੇੜੇ ਵਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਗੰਭੀਰ ਕੁੱਟ ਮਾਰ ਕਰਨ ਵਾਲੇ ਚਾਰ ਦੋਸ਼ੀਆਂ ਨੂੰ 10 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸ੍ਰੀ ਰਾਜਿੰਦਰ ਸਿੰਘ ਵਣ ਗਾਰਡ (ਬੀਟ ਸੂੰਕ) ਦੇ ਬਿਆਨ ਤੇ ਮੁਕੱਦਮਾ ਨੰਬਰ 31 ਮਿਤੀ 19-06-2018 ਅ/ਧ 307,353,186,332,148,149 ਆਈ.ਪੀ.ਸੀ ਥਾਣਾ ਮੁੱਲਾਪੁਰ ਗਰੀਬਦਾਸ ਦਰਜ ਰਜਿਸਟਰ ਹੋਇਆ ਸੀ। ਮੁੱਦਈ ਮੁਕੱਦਮਾ ਰਜਿੰਦਰ ਸਿੰਘ ਵਣ ਗਾਰਡ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਮਿਤੀ 19-06-2018 ਨੂੰ ਉਹ ਸਮੇਤ ਆਪਣੇ ਸਟਾਫ ਦੇ ਰੇਤਾਂ ਚੋਰੀ ਦੇ ਸਬੰਧ ਵਿੱਚ ਚੈਕਿੰਗ ਪਰ ਸਨ । ਮੁੱਦਈ ਮੁਕੱਦਮਾ ਸਮੇਤ ਦਵਿੰਦਰ ਸਿੰਘ ਬਲਾਕ ਅਫਸਰ ਅਤੇ ਕਰਨੈਲ ਸਿੰਘ ਬੇਲਦਾਰ ਪਰ ਇੱਕ ਟਰੈਕਟਰ ਟਰਾਲੀ ਸਮੇਤ ਆਈ-20 ਕਾਰ ਵਿੱਚ ਸਵਾਰ ਦੋਸ਼ੀਆਂ ਨੇ ਉਹਨ੍ਹਾਂ ਪਰ ਡਿਊਟੀ ਦੌਰਾਨ ਹਮਲਾ ਕਰਕੇ ਉਹਨ੍ਹਾਂ ਨੂੰ ਜਖਮੀ ਕਰ ਦਿੱਤਾ ਸੀ ਅਤੇ ਦੋਸੀ ਮੌਕੇ ਤੋਂ ਫਰਾਰ ਹੋ ਗਏ ਸਨ। ਉਕਤ ਮੁਕੱਦਮਾ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਸਬੰਧੀ ਸ੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਹਾਲੀ, ਸ੍ਰੀ ਦੀਪ ਕਮਲ , ਡੀ.ਐਸ.ਪੀ. ਸਰਕਲ ਖਰੜ, ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ, ਮੁੱਖ ਅਫਸਰ ਥਾਣਾ ਮੁਲਾਂਪੁਰ ਦੀ ਟੀਮ ਗਠਿਤ ਕੀਤੀ ਗਈ। ਇਸ ਟੀਮ ਵੱਲੋਂ ਮੌਕਾ ਵਕੂਆ ਦੇ ਹਾਲਾਤਾਂ ਮੁਤਾਬਿਕ ਕੜੀ ਨਾਲ ਕੜੀ ਜੋੜਦਿਆਂ ਇਸ ਮੁਕੱਦਮਾ ਨੂੰ 10 ਘੰਟਿਆ ਦੇ ਅੰਦਰ ਅੰਦਰ ਹੀ ਟਰੇਸ ਕਰਕੇ ਮੁਕੱਦਮਾ ਦੇ ਦੋਸੀਆਂ (1) ਸਤਪ੍ਰੀਤ ਸਿੰਘ ਪੁਤਰ ਬਲਵਿੰਦਰ ਸਿੰਘ (2) ਸਤਵਿੰਦਰ ਸਿੰਘ ਉਰਫ ਹੈਪੀ ਪੁੱਤਰ ਸੁਰਿੰਦਰ ਸਿੰਘ (3) ਜਗਜੀਤ ਸਿੰਘ ਉਰਫ ਜੱਗਾ ਪੁੱਤਰ ਸੋਹਣ ਸਿੰਘ (4) ਇੰਦਰਜੀਤ ਸਿੰਘ ਉਰਫ ਇੰਦਾ ਪੁੱਤਰ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸੀਆਂ ਦੀ ਨਿਸਾਨ ਦੇਹੀ ਪਰ ਵਾਰਦਾਤ ਦੌਰਾਨ ਵਰਤਿਆ ਗਿਆ ਟਰੈਕਟਰ ਟਰਾਲੀ ਅਤੇ ਆਈ. 20 ਕਾਰ ਵੀ ਬ੍ਰਾਮਦ ਹੋ ਚੁੱਕੀ ਹੈ। ਦੋਸੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਤਫਤੀਸ਼ ਜਾਰੀ ਹੈ।
ਫੋਟੋ ਕੈਪਸ਼ਨ : ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦੇ ਹੋਏ। ਉਨ੍ਹਾਂ ਨਾਲ ਐਸ.ਪੀ. (ਜਾਂਚ) ਸ੍ਰੀ ਹਰਵੀਰ ਸਿੰਘ ਅਟਵਾਲ ਵੀ ਦਿਖਾਈ ਦੇ ਰਹੇ ਹਨ।