ਮਾਨਸਾ ਪੁਲੀਸ ਨੂੰ ਆਇਆ ਸੁੱਖ ਦਾ ਸਾਹ, ਪੁਲੀਸ ਵੱਲੋਂ ਮਾਨਸਾ ਲਿਆਉਣ ਦੀ ਦਸਤਾਵੇਜੀ ਤਿਆਰੀ
ਮਾਨਸਾ, 24 ਮਈ (ਵਿਸ਼ਵ ਵਾਰਤਾ)-ਮਾਨਸਾ ਕੈਂਚੀਆਂ ਤੇ 20 ਮਈ ਨੂੰ ਇਕ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੱਗੀ ਜਟਾਣਾ ਨੂੰ 6 ਗੋਲੀਆਂ ਮਾਰਕੇ ਹੱਤਿਆ ਕਰਨ ਤੋਂ ਬਾਅਦ ਫੇਸਬੁੱਕ ਉਤੇ ਪੋਸਟ ਪਾਕੇ ਉਸ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਮਨਮਿੰਦਰ ਸਿੰਘ ਉਰਫ ਨਿੱਕਾ ਜਟਾਣਾ ਨੂੰ ਰਾਜਸਥਾਨ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਮਾਨਸਾ ਪੁਲੀਸ ਨੂੰ ਸੁੱਖ ਦਾ ਸਾਹ ਆਇਆ ਹੈ। ਪਿਛਲੇ ਲਗਾਤਾਰ ਕਈ ਦਿਨਾਂ ਤੋਂ ਮਾਨਸਾ ਪੁਲੀਸ ਦੀਆਂ ਕਈ ਟੀਮਾਂ ਉਸ ਦਾ ਖੁਰਾ—ਖੋਜ਼ ਲੱਭਣ ਲਈ ਅਨੇਕਾਂ ਪਾਸੇ ਗਈਆਂ ਹੋਈਆਂ ਸਨ।
ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਉਸ ਨਾਲ ਰੋਹਿਤ ਕੁਮਾਰ ਨਿਵਾਸੀ ਜੰਡਿਆਲਾ ਗੁਰੂ, ਸੁਖਦੇਵ ਸਿੰਘ ਉਰਫ ਸੇਬੂ ਨਿਵਾਸੀ ਮੋਗਾ, ਗੁਰਵਿੰਦਰ ਸਿੰਘ ਨਿਵਾਸੀ ਮੋਗਾ, ਸਤਿਕਾਰ ਸਿੰਘ ਵਾਸੀ ਬਾਘਾ ਪੁਰਾਣਾ ਨੂੰ ਵੀ ਕਾਬੂ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਵੱਡੀ ਪੱਧਰ *ਤੇ ਹਥਿਆਰ ਅਤੇ ਹੋਰ ਸਾਜੋ ਸਮਾਨ ਵੀ ਪੁਲੀਸ ਵੱਲੋਂ ਫੜ੍ਹਨ ਦਾ ਦਾਅਵਾ ਕੀਤਾ ਗਿਆ ਹੈ।
ਮਾਨਸਾ ਪੁਲੀਸ ਨੇ ਮੰਨਿਆ ਕਿ ਉਨ੍ਹਾਂ ਨੂੰ ਰਾਜਸਥਾਨ ਦੀ ਪੁਲੀਸ ਨੇ ਕਾਬੂ ਕੀਤਾ ਹੈ, ਪਰ ਇਹ ਵੀ ਪਤਾ ਲੱਗਿਆ ਹੈ ਕਿ ਰਾਜਸਥਾਨ ਦੀ ਪੁਲੀਸ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਸਬੰਧੀ ਮਾਨਸਾ ਪੁਲੀਸ ਹੀ ਜਾਣੂ ਕਰਵਾਉਂਦੀ ਰਹੀ ਹੈ ਅਤੇ ਪੁਲੀਸ ਨੂੰ ਇਕ ਲੁਕੇਸ਼ਨ ਪ੍ਰਾਪਤ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਰਾਜਸਥਾਨ ਵਿਚ ਦਾਖਲ ਹੋਣ ਦੀ ਜਾਣਕਾਰੀ ਮਿਲੀ ਸੀ।
ਪੁਲੀਸ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਸਰਦਾਰ ਸ਼ਹਿਰ ਵਿਚ ਡਕੈਤੀ ਦੀ ਯੋਜਨਾ ਬਣਾਉਣ ਦੇ ਤਹਿਤ ਕਾਬੂ ਕੀਤਾ ਹੈ, ਜਿµਨ੍ਹਾਂ ਵਿਚ ਇਸ ਮਾਮਲੇ ਦੇ ਮੁਲਜ਼ਮ ਵੀ ਸ਼ਾਮਿਲ ਹਨ। ਥਾਣਾ ਸਦਰ ਮਾਨਸਾ ਦੀ ਪੁਲੀਸ ਛੇਤੀ ਹੀ ਇਨ੍ਹਾਂ ਨੂੰ ਪੰਜਾਬ ਲੈਕੇ ਆਉਣ ਦਾ ਦਸਤਾਵੇਜੀ ਉਪਰਾਲੇ ਕਰ ਰਹੀ ਹੈ।
ਸੀਆਈਏ ਸਟਾਫ ਮਾਨਸਾ ਦੇ ਮੁਖੀ ਜਗਦੀਸ਼ ਸ਼ਰਮਾ ਦਾ ਕਹਿਣਾ ਹੈ ਕਿ ਉਕਤ ਮਾਮਲੇ ਵਿਚ ਸ਼ਾਮਿਲ ਵਿਅਕਤੀਆਂ ਨੂੰ ਰਾਜਸਥਾਨ ਪੁਲੀਸ ਵੱਲੋਂ ਕੀਤਾ ਗਿਆ ਹੈ। ਮਾਨਸਾ ਪੁਲੀਸ ਮੁਲਜ਼ਮਾਂ ਨੂੰ, ਉਥੋਂ ਆਪਣੇ ਕੋਲ ਲੈਕੇ ਆਵੇਗੀ ਅਤੇ ਮਾਮਲੇ ਦੀ ਤਫਤੀਸ਼ ਕਰੇਗੀ।
ਭਾਵੇਂ ਚਾਰ ਦਿਨ ਪਹਿਲਾਂ ਇਨ੍ਹਾਂ ਵਿਅਕਤੀਆਂ ਵੱਲੋਂ ਮਾਨਸਾ ਵਿਚ ਕੀਤਾ ਗਿਆ ਕਤਲ ਪੁਲੀਸ ਲਈ ਇਕ ਵੱਡੀ ਸਿਰਦਰਦੀ ਬਣ ਗਿਆ ਸੀ, ਪਰ ਹੁਣ ਇਨ੍ਹਾਂ ਵਿਅਕਤੀਆਂ ਦੇ ਫੜ੍ਹੇ ਜਾਣ ਤੋਂ ਬਾਅਦ ਪੁਲੀਸ ਦਾ ਕੋਈ ਵੀ ਅਣਟਰੇਸ ਮਾਮਲਾ ਬਾਕੀ ਨਹੀਂ ਬਚਿਆ ਹੈ।
ਫੋਟੋ ਕੈਪਸ਼ਨ: ਰਾਜਸਥਾਨ ਦੀ ਪੁਲੀਸ ਵੱਲੋਂ ਨਿੱਕਾ ਜਟਾਣਾ ਅਤੇ ਉਸ ਦੇ ਸਾਥੀਆਂ ਦੀ ਫੋਟੋ।