– ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕੀਤੀ ਸੰਤ ਸੀਚੇਵਾਲ ਨਾਲ ਮੁਲਾਕਾਤ
– ਪੰਜਾਬ ਸਰਕਾਰ ਤੋਂ ਸੰਤ ਸੀਚੇਵਾਲ ਮਾਡਲ ਲਾਗੂ ਕਰਨ ਦੀ ਕੀਤੀ ਮੰਗ
ਸ਼ਾਹਕੋਟ/ ਜਲੰਧਰ, 22 ਮਈ (ਵਿਸ਼ਵ ਵਾਰਤਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਕਰੀਬੀ ਰਿਸ਼ਤੇਦਾਰ ਅਤੇ ਚਰਚਿਤ ਸ਼ਰਾਬ ਕਾਰੋਬਾਰੀ ਚੱਢਾ ਪਰਿਵਾਰ ਦੀ ਫ਼ੈਕਟਰੀ ਵੱਲੋਂ ਬਿਆਸ ਦਰਿਆ ‘ਚ ਜ਼ਹਿਰੀਲਾ ਸੀਰਾ ਸੁੱਟਣ ਉਪਰੰਤ ਭੱਖੇ ਵਾਤਾਵਰਣ ਦੇ ਮੁੱਦੇ ‘ਤੇ ਆਪਣਾ ਪੱਖ ਦੋਹਰਾਉਦੇ ਹੋਏ ਆਮ ਆਦਮੀ ਪਾਰਟੀ ਨੇ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਨੂੰ ਆਪਣਾ ਪ੍ਰਮੁੱਖ ਏਜੰਡਾ ਦੱਸਿਆ ਹੈ। ‘ਆਪ’ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੇ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਅੱਜ ਮੁਲਾਕਾਤ ਕਰਕੇ ਉਨਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਵਾਤਾਵਰਣ ਅਤੇ ਤਮਾਮ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਪੂਰੀ ਤਰਾਂ ਗੰਭੀਰ ਹੈ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਡਾ. ਬਲਬੀਰ ਸਿੰਘ ਨੇ ਸੰਤ ਬਲਬੀਰ ਸਿੰਘ ਵੱਲੋਂ ਪਵਿੱਤਰ ਕਾਲੀ ਵੇਈਂ ਨੂੰ ਮੁੜ ਤੋਂ ਨਿਰਮਲ ਕਰਨ ਦੇ ਯਤਨਾਂ ਨੂੰ ਨਾ ਕੇਵਲ ਪੰਜਾਬ ਬਲਕਿ ਪੂਰੇ ਦੇਸ਼ ਅਤੇ ਦੁਨੀਆ ਲਈ ਰਾਹ-ਦੁਸੇਰਾ ਕਾਰਜ ਦੱਸਿਆ। ਉਨਾਂ ਕਿਹਾ ਕਿ ਪਿੰਡਾਂ-ਸ਼ਹਿਰਾਂ ਦੀ ਦੂਸ਼ਿਤ ਨਿਕਾਸੀ ਨੂੰ ਮੁੜ ਸਾਫ਼ ਕਰਨਾ ਵਾਲੇ ‘ਸੀਚੇਵਾਲ ਮਾਡਲ’ ਨੂੰ ਸਰਕਾਰੀ ਯੋਜਨਾ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ‘ਚ ਲਾਗੂ ਕਰਨ ਦੀ ਮੌਜੂਦਾ ਸਰਕਾਰ ਤੋਂ ਮੰਗ ਕੀਤੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਦੇ ਸਾਰੇ ਪਿੰਡ-ਸ਼ਹਿਰ ਅਤੇ ਫੈਕਟਰੀਆਂ-ਕਾਰਖਾਨੇ ‘ਸੀਚੇਵਾਲ ਮਾਡਲ’ ਨੂੰ ਅਪਣਾ ਲੈਂਦੇ ਹਨ ਤਾਂ ਪਾਣੀ ਦੇ ਸਾਰੇ ਕੁਦਰਤੀ ਸਰੋਤ ਪੱਕੇ ਤੌਰ ਉੱਤੇ ਸੁਰੱਖਿਅਤ ਅਤੇ ਨਿਰਮਲ ਹੋ ਜਾਣਗੇ। ਦੂਜੇ ਪਾਸੇ ਸੀਚੇਵਾਲ ਮਾਡਲ ਰਾਹੀਂ ਸੋਧੇ (ਟਰੀਟ) ਪਾਣੀ ਨੂੰ ਖੇਤਾਂ ਵਰਤਿਆ ਜਾ ਸਕੇਗਾ, ਜਿਸ ਨਾਲ ਖੇਤੀਬਾੜੀ ਲਈ ਚੱਲ ਰਹੀ ਪਾਣੀ ਦੀ ਕਮੀ ਦੀ ਵੀ ਥੋੜੀ ਬਹੁਤ ਪੂਰਤੀ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸੁਧਰੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਵਾਤਾਵਰਣ ਦੇ ਮੁੱਦੇ ‘ਤੇ ਪੰਜਾਬ ਭਰ ‘ਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਲੋਕ-ਲਹਿਰ ਬਣਾ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਦਬਾਅ ਬਣਾਏਗੀ ਕਿ ਉਹ ਕੁਦਰਤੀ ਜਲ-ਸਰੋਤਾਂ ਅਤੇ ਪੌਣ ਪਾਣੀ ਨੂੰ ਦੂਸ਼ਿਤ ਕਰ ਰਹੇ ਮਾਫੀਆ ਅਤੇ ਰਸੂਖਦਾਰ ਲੋਕਾਂ ਨੂੰ ਨੱਥ ਪਾਵੇ।