- ਸਿਲੇਬਸ ਨੂੰ ਮੁੜ ਤਿਆਰ ਕਰਨ ਦੇ ਫ਼ੈਸਲੇ ਨੂੰ ਅਕਾਲੀ ਸਰਕਾਰ ਵੇਲੇ ਦਾ ਦੱਸਿਆ ਅਤੇ ਐਸਜੀਪੀਸੀ ਦਾ ਨੁਮਾਇੰਦਾ ਮਾਰਚ 2017 ਤੋਂ ਸਾਰੀ ਪ੍ਰਕਿਰਿਆ ਵਿੱਚ ਰਿਹਾ ਸ਼ਾਮਲ
- ਅਕਾਲੀਆਂ ਤੇ ‘ਆਪ’ ਵੱਲੋਂ ਸਿੱਖ ਗੁਰੂਆਂ ਬਾਰੇ ਚੈਪਟਰ ਹਟਾਉਣ ਸਬੰਧੀ ਫੈਲਾਏ ਜਾ ਰਹੇ ਕੋਰੇ ਝੂਠ ਤੋਂ ਤੱਥਾਂ ਸਹਿਤ ਪਰਦਾ ਉਠਾਇਆ
ਚੰਡੀਗੜ੍ਹ, 30 ਅਪਰੈਲ (ਵਿਸ਼ਵ ਵਾਰਤਾ)- ਇਤਿਹਾਸ ਦੀਆਂ ਸਕੂਲੀ ਕਿਤਾਬਾਂ ਵਿੱਚ ਸਿੱਖ ਗੁਰੂਆਂ ਬਾਰੇ ਜਾਣਕਾਰੀ ਦੇ ਮੁੱਦੇ ਉਤੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਉਨ੍ਹਾਂ ਦੇ ਘਟੀਆ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ | ਉਨ੍ਹਾਂ ਨੇ ਵਿਰੋਧੀ ਧਿਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ‘ਤੇ ਸਿਆਸਤ ਖੇਡ ਕੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਿਖ਼ਲਾਫ਼ ਚਿਤਾਵਨੀ ਦਿੱਤੀ |
ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੇਬੁਨਿਆਦ ਬਿਆਨਾਂ, ਜਿਨ੍ਹਾਂ ਨਾਲ ਸੂਬੇ ਦੀ ਸ਼ਾਂਤੀ ਤੇ ਭਾਈਚਾਰਾ ਗੜਬੜਾ ਸਕਦਾ ਹੈ,ਲਈ ਸਖ਼ਤ ਆਲੋਚਨਾ ਕੀਤੀ | ਮੁੱਖ ਮੰਤਰੀ ਨੇ ਇਸ ਸਬੰਧੀ ਤੱਥਾਂ ਦੀ ਪੁਸ਼ਟੀ ਕੀਤੇ ਬਗ਼ੈਰ ਸਰਕਾਰ ਨੂੰ ਬਦਨਾਮ ਕਰਨ ਵਾਲੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ (ਆਪ) ਦੀ ਵੀ ਨਿਖੇਧੀ ਕੀਤੀ |
ਇਨ੍ਹਾਂ ਪਾਰਟੀਆਂ ਅਤੇ ਇਨ੍ਹਾਂ ਦੇ ਆਗੂਆਂ ‘ਤੇ ਬਿਨਾਂ ਸਿਰ-ਪੈਰ ਅਤੇ ਨਾਦਾਨੀ ਵਾਲੇ ਬਿਆਨਾਂ ਲਈ ਹੱਲਾ ਬੋਲਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਸੂਬਾ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਕੋਝੇ ਯਤਨਾਂ ‘ਤੇ ਹੈਰਾਨੀ ਜ਼ਾਹਿਰ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਇਸ ਮਸਲੇ ‘ਚ ਸਕੂਲੀ ਵਿਦਿਆਰਥੀਆਂ ਨੂੰ ਘੜੀਸ ਕੇ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਨਾਲ ਵੀ ਖੇਡ ਰਹੇ ਹਨ |
ਇਥੇ ਜਾਰੀ ਕੀਤੇ ਬਿਆਨ ਵਿੱਚ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਝੂਠੇ ਦਾਅਵਿਆਂ ਦਾ ਤੱਥਾਂ ਨਾਲ ਜਵਾਬ ਦਿੱਤਾ ਹੈ | ਉਨ੍ਹਾਂ ਕਿਹਾ ਕਿ 2014 ਵਿੱਚ ਅਕਾਲੀ ਰਾਜ ਸਮੇਂ ਇਨ੍ਹਾਂ ਕੋਰਸਾਂ ਨੂੰ ਐਨਸੀਈਆਰਟੀ ਸਿਲੇਬਸ ਅਨੁਸਾਰ ਮੁੜ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ | ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਇਸ ਮੁੱਦੇ ‘ਤੇ ਮੁਕੰਮਲ ਚਰਚਾ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਵੀ ਸ਼ਾਮਲ ਕੀਤਾ ਗਿਆ ਸੀ |
ਮੁੱਖ ਮੰਤਰੀ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਨੂੰ ਮੁੜ ਤਿਆਰ ਕਰਨ ਅਤੇ ਅੰਤਿਮ ਰੂਪ ਦੇਣ ਲਈ ਚਰਚਾ ਵਾਸਤੇ 9 ਜਨਵਰੀ, 2014 ਨੂੰ ਮਾਹਿਰਾਂ ਦੀ ਇਕ ਕਮੇਟੀ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਸੀ | ਇਸ ਵਿਸ਼ੇ ‘ਤੇ ਚਰਚਾ ਲਈ ਇਸ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਡਾਇਰੈਕਟਰ (ਸਹਾਇਕ ਪ੍ਰੋਫੈਸਰ,ਐਨਸੀਈਆਰਟੀ) ਤੋਂ ਜਾਣਕਾਰੀ ਵੀ ਲਈ | ਮਾਰਚ 2014 ਵਿੱਚ ਇਹ ਸਿਲੇਬਸ ਬੋਰਡ ਦੀ ਵੈੱਬਸਾਈਟ ‘ਤੇ ਅੱਪਲੋਡ ਕਰ ਦਿੱਤਾ ਗਿਆ ਸੀ | ਸਾਲ 2015 ਵਿੱਚ 9ਵੀਂ ਜਮਾਤ ਦੇ ਸਿਲੇਬਸ ਨੂੰ ਅੰਤਿਮ ਰੂਪ ਦਿੱਤੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਸੀ | ਇਸ ਦੌਰਾਨ ਹੋਰ ਜਮਾਤਾਂ ਲਈ ਕੋਰਸ ‘ਤੇ ਸਹਿਮਤੀ ਨਹੀਂ ਬਣੀ ਸੀ | ਸਿਲੇਬਸ ਨੂੰ ਮੁੜ ਵਿਉਂਤਣ ਬਾਅਦ ਸਾਲ 2016 ਵਿੱਚ ਬੋਰਡ ਵੱਲੋਂ 9ਵੀਂ ਅਤੇ 10ਵੀਂ ਜਮਾਤਾਂ ਲਈ ਕਿਤਾਬਾਂ ਪ੍ਰਕਾਸ਼ਿਤ ਕਰਾਈਆਂ ਗਈਆਂ ਸਨ ਅਤੇ 11ਵੀਂ-12ਵੀਂ ਜਮਾਤਾਂ ਲਈ ਕਿਤਾਬਾਂ ਸਾਲ 2018ਵਿੱਚ ਛਪਾਉਣ ਬਾਰੇ ਫ਼ੈਸਲਾ ਕੀਤਾ ਗਿਆ ਸੀ |
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀ ਸੱਤਾ ਸੰਭਾਲਣ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਤਿਹਾਸ ਦੇ ਵਿਸ਼ੇ ਨੂੰ ਮੁੜ ਤਿਆਰ ਲਈ ਵਿਚਾਰ-ਚਰਚਾ ਵਾਸਤੇ ਮਾਰਚ 2017 ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ | ਇਸ ਬਾਅਦ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਪਰਮਵੀਰ ਸਿੰਘ ਨੂੰ ਤਾਇਨਾਤ ਕੀਤਾ ਸੀ, ਜਿਸ ਨੇ ਇਸ ਮਾਮਲੇ’ਤੇ ਵਿਚਾਰ ਲਈ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ | ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਲੌਾਗੋਵਾਲ ਦੀ ਆਪਣੇ ਰਾਜਸੀ ਹਿੱਤਾਂ ਲਈ ਇਸ ਮਸਲੇ ਬਾਰੇ ਜਾਣ-ਬੁੱਝ ਕੇ ਅਸਲ ਤੱਥ ਛੁਪਾਉਣ ਲਈ ਆਲੋਚਨਾ ਕੀਤੀ |
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗਲਤ ਢੰਗ ਨਾਲ ਪ੍ਰਚਾਰੇ ਜਾ ਰਹੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਸਰਕਾਰ ਨੇ ਹਰ ਇਹਤਿਆਤ ਵਰਤੀ ਤਾਂ ਜੋ ਸਿੱਖ ਧਰਮ ਦੇ ਇਤਿਹਾਸ ਨੂੰ ਖੋਰਾ ਨਾ ਲੱਗੇ | ਇਸ ਮੁੱਦੇ ‘ਤੇ ਵਿਰੋਧੀ ਧਿਰ ਦੇ ਕੋਰੇ ਝੂਠ ਤੋਂ ਪਰਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਦੋਸ਼ਾਂ ਦੀ ਪ੍ਰੋੜ੍ਹਤਾ ਲਈ 11ਵੀਂ ਜਮਾਤ ਦੀ ਇਤਿਹਾਸ ਦੀ ਜਿਹੜੀ ਕਿਤਾਬ ਵਿੱਚੋਂ ਉਦਾਹਰਨਾਂ ਤੇ ਹਵਾਲੇ ਦਿੱਤੇ ਜਾ ਰਹੇ ਹਨ ਉਹ ਤਾਂ ਅਜੇ ਪ੍ਰਕਾਸ਼ਿਤ ਵੀ ਨਹੀਂ ਹੋਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਹੋਣ ਦੇ ਲਾਏ ਜਾ ਰਹੇ ਦੋਸ਼ ਅਸਲ ਵਿੱਚ ਕੋਰੇ ਝੂਠ ਹਨ, ਜਿਸ ਨੂੰ ਉਹ ਕੂੜ ਪ੍ਰਚਾਰ ਰਾਹੀਂ ਸੱਚ ਬਣਾਉਣਾ ਚਾਹੁੰਦੇ ਹਨ |
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮੁੜ ਤਿਆਰ ਕੀਤੇ ਸਿਲੇਬਸ ਵਿੱਚ ਸਿੱਖ ਗੁਰੂਆਂ ਬਾਰੇ ਮੁਕੰਮਲ ਇਤਿਹਾਸ ਨੂੰ ਬਗੈਰ ਕਿਸੇ ਕਾਂਟ-ਛਾਂਟ ਦੇ ਸ਼ਾਮਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 11ਵੀਂ ਤੇ 12ਵੀਂ ਜਮਾਤਾਂ ‘ਚ ਸਿੱਖ ਇਤਿਹਾਸ ਬਾਰੇ ਚੈਪਟਰਾਂ ਅਤੇ ਸਮੱਗਰੀ ਨੂੰ ਸਗਲ ਤੇ ਸਰਲ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਯਾਦ ਕਰਨਾ ਸੌਖਾ ਰਹੇ |
ਉਨ੍ਹਾਂ ਦੱਸਿਆ ਕਿ ਸਿਲੇਬਸ ਨੂੰ ਮੁੜ ਤਿਆਰ ਕਰਨ ਬਾਅਦ ਹੁਣ 11ਵੀਂ ਜਮਾਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਕਾਲ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਉਨ੍ਹਾਂ ਦੀ ਨਿੱਜੀ ਸਿਫ਼ਾਰਸ਼ ‘ਤੇ ਸ਼ਾਮਲ ਕੀਤਾ ਗਿਆ ਹੈ |ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਉਨ੍ਹਾਂ ਦੇ ਨਿੱਜੀ ਸੁਝਾਅ ਉਤੇ 10ਵੀਂ ਜਮਾਤ ‘ਚ ਇਤਿਹਾਸ ਦੇ ਵਿਸ਼ੇ ਵਿੱਚ ਹੁਣ ਸਾਰਾਗੜ੍ਹੀ ਦੀ ਜੰਗ ਅਤੇ ਉੱਘੇ ਸਿੱਖ ਜਰਨੈਲ ਸ਼ਾਮਲ ਸਿੰਘ ਅਟਾਰੀਵਾਲਾ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ |
ਹੁਣ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਉਤੇ ਮੁਕੰਮਲ ਸਿੱਖ ਇਤਿਹਾਸ ਕਾਲ ਬਾਰੇ ਪੜ੍ਹਾਏ ਜਾਣ ਬਾਰੇ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕਿਸੇ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਕਿਸੇ ਵੀ ਸਿਲੇਬਸ ਦਾ ਖਾਕਾ ਵਿਸ਼ਾ-ਵਸਤੂ ਆਧਾਰ ‘ਤੇ ਤਿਆਰ ਕੀਤਾ ਜਾਂਦਾ ਹੈ, ਚੈਪਟਰਾਂ ਅਨੁਸਾਰ ਨਹੀਂ | ਉਨ੍ਹਾਂ ਕਿਹਾ ਕਿ ਅਧਿਆਏ (ਚੈਪਟਰ) ਪ੍ਰਕਾਸ਼ਕ ਅਤੇ ਪਿ੍ੰਟਰ ਵੱਲੋਂ ਆਪਣੀ ਪਸੰਦ ਤੇ ਸੌਖ ਮੁਤਾਬਕ ਤਿਆਰ ਕੀਤੇ ਜਾਂਦੇ ਹਨ |
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ ‘ਤੇ 11ਵੀਂ ਤੇ 12ਵੀਂ ਜਮਾਤਾਂ ਦੇ ਪੁਰਾਣੇ ਅਤੇ ਨਵੇਂ ਸਿਲੇਬਸ ਨੂੰ ਮੰਗਵਾ ਕੇ ਦੇਖਿਆ ਹੈ ਅਤੇ ਇਨ੍ਹਾਂ ਨੂੰ ਵਾਚਣ ਬਾਅਦ ਸਪੱਸ਼ਟ ਪਤਾ ਲੱਗਦਾ ਹੈ ਕਿ ਨਵੇਂ ਸਿਰਿਉਂ ਸਿਲੇਬਸ ਤਿਆਰ ਕਰਨ ਦੀ ਪ੍ਰਕਿਰਿਆ ਦੌਰਾਨ ਸਿੱਖ ਇਤਿਹਾਸ ਜਾਂ ਸਿੱਖ ਗੁਰੂਆਂ ਬਾਰੇ ਇਕ ਵੀ ਜਾਣਕਾਰੀ ਨਹੀਂ ਹਟਾਈ ਗਈ |
ਉਨ੍ਹਾਂ ਦੱਸਿਆ ਕਿ ਕਿਤਾਬਾਂ ਦੀ ਛਪਾਈ ਨੂੰ ਪ੍ਰਾਈਵੇਟ ਪ੍ਰਕਾਸ਼ਕਾਂ ‘ਤੇ ਛੱਡਣ ਬਜਾਏ ਹੁਣ ਸਰਕਾਰ ਨੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਸਾਰੀ ਜਾਣਕਾਰੀ ਯਕੀਨੀ ਬਣਾਉਣ ਲਈ ਕਿਤਾਬਾਂ ਦੀ ਛਪਾਈ ਦਾ ਕਾਰਜ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸੌਾਪ ਦਿੱਤਾ ਹੈ, ਜੋ ਕਿ ਪਹਿਲਾਂ ਇਸ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਸੀ |
ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਦੀ ਛਪਾਈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸੌਾਪਣ ਨਾਲ ਕੇਵਲ ਇਕ-ਚੌਥਾਈ ਖਰਚਾ ਹੀ ਨਹੀਂ ਘਟੇਗਾ ਬਲਕਿ ਪਾਠ ਸਮੱਗਰੀ ਦੀ ਪ੍ਰਮਾਣਿਕਤਾ ਵੀ ਯਕੀਨੀ ਬਣੇਗੀ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਗੁਰੂਆਂ ਦਾ ਅਥਾਹ ਸਤਿਕਾਰ ਕਰਦੇ ਹਨ ਅਤੇ ਕਦੇ ਵੀ ਅਜਿਹਾ ਕੁੱਝ ਨਹੀਂ ਕਰਨਗੇ ਜੋ ਉਨ੍ਹਾਂ ਦੇ ਦੇਸ਼ ਤੇ ਸਿੱਖ ਧਰਮ ਵਿੱਚ ਯੋਗਦਾਨ ਨੂੰ ਘਟਾ ਕੇ ਦਿਖਾਉਂਦਾ ਹੋਵੇ |