ਐਸਜੀਪੀਸੀ ਨੇ ਰਾਧੇ ਮਾਂ ਨੂੰ ਸਨਮਾਨਤ ਕਰਕੇ ਸਿੱਖ ਕੌਮ ਦਾ ਅਪਮਾਨ ਕੀਤਾ : ਬਡਹੇੜੀ

178

ਚੰਡੀਗਡ਼, 30 ਮਾਰਚ : ”ਲਗਦਾ ਹੈ ਡੇਰਾ ਸਿਰਸਾ ਦੇ ਸੌਦਾ ਸਾਧ ਨੂੰ ਮਾਫੀ ਦੇ ਕੇ ਵਾਪਸ ਲੈਣ ਮੌਕੇ ਕਰਵਾਈ ਥੂ–ਥੂ ਨੂੰ ਐਸਜੀਪੀਸੀ ਦੇ ਅਲੰਬਰਦਾਰਾਂ ਨੇ ਛੇਤੀ ਹੀ ਭੁਲਾ ਦਿਤਾ ਹੈ, ਕਿਉਂਕਿ ਹੁਣ ਉਨ੍ਹਾਂ ਨੇ ਰਾਮ ਰਾਹੀਮ ਵਰਗੀ ਹੀ ਇਕ ਹੋਰ ਪਾਖੰਡਣ ਨੂੰ ਦਰਬਾਰ ਸਾਹਿਬ ਕੰਪਲੈਕਸ ਚ ਵਿਸ਼ੇਸ਼ ਮਾਣ ਸਤਿਕਾਰ ਦੇ ਕੇ ਸਮੁੱਚੀ ਸਿੱਖ ਕੌਮ ਦਾ ਅਪਮਾਨ ਕੀਤਾ ਹੈ।”

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਜੱਟ ਮਹਾਂ ਸਭਾ ਦੇ ਚੰਡੀਗਡ਼੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇਡ਼ੀ ਨੇ ਕਿਹਾ ਕਿ ਰਾਧੇ ਮਾਂ ਵੱਜੋਂ ਜਾਣੀ ਜਾਂਦੀ ਇਸ ਪਾਖੰਡਣ ਨੂੰ ਖੁਦ ਹਿੰਦੂ ਧਰਮ ਦੇ ਸਨਾਤਨ ਅਖਾਡ਼ਿਆਂ ਨੇ ਦੁਰਕਾਰਿਆ ਹੋਇਆ ਹੈ ਪਰ ਐਸਜੀਪੀਸੀ ਨੂੰ ਅਜਿਹੀ ਕਿਹਡ਼ੀ ਮਜਬੂਰੀ ਆ ਪਈ ਸੀ ਕਿ ਇਸ ਨੂੰ ਸਿਰੋਪਾਓ ਭੇਟ ਕੀਤਾ ਗਿਆ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਇਸ ਪਿੱਛੇ ਜ਼ਰੂਰ ਹੀ ਗਹਿਰੀ ਸਾਜ਼ਿਸ਼ ਹੈ ਤਾਂ ਕਿ ਵਾਰ ਵਾਰ ਜਾਣਬੁੱਝ ਕੇ ਅਜਿਹੀਆਂ ਘਟਨਾਵਾਂ ਕਰਵਾਈਆਂ ਜਾਣ, ਜਿਸ ਨਾਲ ਸਿੱਖ ਧਰਮ ਦੇ ਨਿਆਰੇਪਣ ਨੂੰ ਖੋਰਾ ਲਾਇਆ ਜਾ ਸਕੇ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਐਸਜੀਪੀਸੀ ਦੁਆਰਾ ਕੀਤੇ ਇਸ ਬੱਜਰ ਗੁਨਾਹ ਲਈ ਬਾਦਲ ਦਲ ਤੇ ਉਸਦੇ ਥਾਪੇ ਜਥੇਦਾਰਾਂ ਤੋਂ ਜਵਾਬ ਮੰਗਿਆ ਜਾਵੇ।