ਚੰਡੀਗੜ, ਜਨਵਰੀ 11: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਪਹਿਲਵਾਨ ਅਤੇ ਕੋਚ ਸੁਖਚੈਨ ਸਿੰਘ ਚੀਮਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਦਾ ਬੁੱਧਵਾਰ ਰਾਤ ਨੂੰ ਪਟਿਆਲਾ ਬਾਈਪਾਸ ’ਤੇ ਇਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਦੁਖੀ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦਰੋਣਾਚਾਰਿਆ ਅਵਾਰਡ ਪ੍ਰਾਪਤ ਸੁਖਚੈਨ ਸਿੰਘ ਦੇ ਵਿਛੋੜੇ ਨਾਲ ਪੰਜਾਬ ਅਤੇ ਭਾਰਤੀ ਕੁਸ਼ਤੀ ਦੇ ਖੇਤਰ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਿਆ ਜਾਣਾ ਬਹੁਤ ਮੁਸ਼ਕਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਦੁਖਾਂਤ ਨੂੰ ਦੇਸ਼ ਲਈ ਇਕ ਭਾਰੀ ਨੁਕਸਾਨ ਦੱਸਿਆ ਕਿਉਂਕਿ ਸੁਖਚੈਨ ਸਿੰਘ ਚੀਮਾ ਅੰਤਰ-ਰਾਸ਼ਟਰੀ ਪੱਧਰ ’ਤੇ ਕੁਸ਼ਤੀ ਨੂੰ ਬੜਾਵਾ ਦੇਣ ਵਿੱਚ ਮੋਹਰੀ ਸਨ। ਰੁਸਤਮ-ਏ-ਹਿੰਦ ਓਲੰਪੀਅਨ ਪਹਿਲਵਾਨ ਕੇਸਰ ਸਿੰਘ ਚੀਮਾ ਦੇ ਪੁੱਤਰ ਅਤੇ ਰੁਸਤਮ-ਏ-ਹਿੰਦ ਓਲੰਪੀਅਨ ਪਹਿਲਵਾਨ ਪਲਵਿੰਦਰ ਚੀਮਾ ਦੇ ਪਿਤਾ ਸੁਖਚੈਨ ਸਿੰਘ ਨੇ 1974 ਦੀਆਂ ਤਹਿਰਾਨ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।