ਪੱਤਰਕਾਰ ਰਾਜੇਸ਼ ਸ਼ਰਮਾ ਪੰਜੌਲਾ ਸਮੇਤ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੇ ਤਿੰਨ ਮੈਂਬਰ ਨਾਮਜ਼ਦ

234


-ਪਟਿਆਲਾ ਮੀਡੀਆ ਕਲੱਬ ਦੇ ਜਨਰਲ ਸਕੱਤਰ ਤੇ ਸੀਨੀਅਰ ਪੱਤਰਕਾਰ ਰਾਜੇਸ਼ ਸ਼ਰਮਾ ਪੰਜੌਲਾ,
ਸਾਬਕਾ ਸੂਚਨਾ ਕਮਿਸ਼ਨਰ ਹਰਿੰਦਰਪਾਲ ਸਿੰਘ ਹੈਰੀਮਾਨ ਤੇ ਮੇਜਰ ਏ. ਪੀ. ਸਿੰਘ ਨਾਭਾ ਬਣੇ
ਸਿੰਡੀਕੇਟ ਮੈਂਬਰ
ਪਟਿਆਲਾ, 28 ਦਸੰਬਰ (ਵਿਸ਼ਵ ਵਾਰਤਾ )-ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਵਉਚ
ਫੈਸਲੇ ਲੈਣ ਵਾਲੀ ਬਾਡੀ ਸਿੰਡੀਕੇਟ ਵਿਚ ਤਿੰਨ ਮੈਂਬਰ ਨਾਮਜ਼ਦ ਕਰ ਦਿੱਤੇ ਹਨ। ਮੁੱਖ
ਮੰਤਰੀ ਕੈ. ਅਮਰਿੰਦਰ ਸਿੰਘ ਨੇ ਤਿੰਨ ਨਾਮਾਂ ਦੀ ਸਿਫਾਰਿਸ਼ ਕਰਕੇ ਫਾਈਲ ਸੂਬੇ ਦੇ
ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਵੀ. ਪੀ. ਸਿੰਘ ਬਦਨੌਰ ਨੂੰ ਭੇਜੀ ਸੀ,
ਜਿਸ ਤੋਂ ਬਾਅਦ ਰਾਜ ਭਵਨ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਸਿੰਡੀਕੇਟ ਮੈਂਬਰ ਬਣਨ ਵਾਲਿਆਂ ਵਿਚ ਪਟਿਆਲਾ ਮੀਡੀਆ ਕਲੱਬ ਦੇ ਜਨਰਲ ਸਕੱਤਰ ਤੇ
ਸੀਨੀਅਰ ਪੱਤਰਕਾਰ ਰਾਜੇਸ਼ ਸ਼ਰਮਾ ਪੰਜੌਲਾ, ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੀ ਟਿਕਟ
‘ਤੇ ਚੋਣ ਲੜਨ ਵਾਲੇ ਸਾਬਕਾ ਸੂਚਨਾ ਕਮਿਸ਼ਨਰ ਹਰਿੰਦਰਪਾਲ ਸਿੰਘ ਹੈਰੀਮਾਨ ਤੇ ਮੇਜਰ ਏ.
ਪੀ. ਸਿੰਘ ਨਾਭਾ ਸ਼ਾਮਲ ਹਨ। ਅੱਧੇ ਪੰਜਾਬ ਵਿਚ ਸਿੱਖਿਆ ਦਾ ਚਾਨਣ ਫੈਲਾ ਰਹੀ ਪੰਜਾਬੀ
ਯੂਨੀਵਰਸਿਟੀ ਦੀ ਸਿੰਡੀਕੇਟ ਇਸ ਦੀ ਸੁਪਰੀਮ ਅਥਾਰਟੀ ਹੈ। ਪੰਜਾਬ ਸਰਕਾਰ ਵਲੋਂ ਇਸ ਦੇ
ਤਿੰਨ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਸਾਲ 2002 ਤੋਂ 2007 ਤੱਕ ਕੈਪਟਨ ਦੀ ਸਰਕਾਰ
ਸਮੇਂ ਮਹਾਰਾਣੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਜਸਜੀਤ ਸਿੰਘ ਰੰਧਾਵਾ ਅਤੇ ਉਸ ਸਮੇਂ ਦੇ
ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸਿੰਡੀਕੇਟ ਦੇ ਮੈਂਬਰ ਰਹੇ ਸਨ। 2007 ਵਿਚ ਅਕਾਲੀ
ਸਰਕਾਰ ਬਣਨ ਤੋਂ ਬਾਅਦ ਲੋਕ ਸਭਾ ਐਮ. ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਤੇ ਰਾਜ
ਸਭਾ ਦੇ ਐਮ. ਪੀ. ਤਰਲੋਚਨ ਸਿੰਘ ਸਿੰਡੀਕੇਟ ਦੇ ਮੈਂਬਰ ਰਹੇ। ਪੱਤਰਕਾਰ ਭਾਈਚਾਰੇ
ਵਿਚੋਂ ਪੰਜਾਬੀ ਯੂਨੀਵਰਸਿਟੀ ਦਾ ਸਿੰਡੀਕੇਟ ਮੈਂਬਰ ਨਾਮਜ਼ਦ ਕਰਨ ‘ਤੇ ਪਟਿਆਲਾ ਮੀਡੀਆ
ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਭੰਗੂ ਸਮੇਤ ਸਮੁੱਚੇ ਮੈਂਬਰਾਂ ਨੇ ਮੁੱਖ ਮੰਤਰੀ ਕੈ.
ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ ਹੈ।
ਮੀਡੀਆ ਕਲੱਬ ਨੇ ਕਿਹਾ ਕਿ ਸਰਕਾਰ ਨੇ ਇਸ ਨਿਯੁਕਤੀ ਰਾਹੀਂ ਪੱਤਰਕਾਰ ਭਾਈਚਾਰੇ ਨੂੰ
ਮਾਣ ਦਿੱਤਾ ਹੈ।